ਕੜਾਕੇ ਦੀ ਠੰਢ ਤੋਂ ਨਹੀਂ ਡਰਦੇ ਪੰਜਾਬੀ, ਕਿਹਾ ਜੇ ਸਰਕਾਰ ਨਹੀਂ ਮੰਨੇਗੀ ਤਾਂ ਅਸੀਂ ਵੀ ਨਹੀਂ ਹਟਾਂਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਲੋਕਤੰਤਰ ਰਾਜ ਨਹੀਂ ਤਾਨਾਸ਼ਾਹੀ ਰਾਜ ਹੈ- ਕਿਸਾਨ 

Farmer Protest

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਵਿਚ ਕਿਸਾਨੀ ਸੰਘਰਸ਼ ਦਾ ਅੱਜ 9ਵਾਂ ਦਿਨ ਹੈ। ਹੱਕਾਂ ਦੀ ਲੜਾਈ ਲਈ ਦੇਸ਼ ਭਰ ਦੇ ਕਿਸਾਨ ਕੜਾਕੇ ਦੀ ਠੰਢ ਵਿਚ ਵੀ ਡਟੇ ਹੋਏ ਹਨ। ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਬੈਠੇ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੂੰ ਕੜਾਕੇ ਦੀ ਠੰਢ ਤੋਂ ਕੋਈ ਪਰੇਸ਼ਾਨੀ ਨਹੀਂ। 

ਦਿੱਲੀ ਦੇ ਸਿੰਘੂ ਬਾਰਡਰ 'ਤੇ ਬੈਠੇ ਕਿਸਾਨਾਂ ਦਾ ਕਹਿਣਾ ਕਿ ਜੇਕਰ ਸਰਕਾਰ ਨਹੀਂ ਮੰਨੇਗੀ ਤਾਂ ਅਸੀਂ ਵੀ ਡਟੇ ਰਹਾਂਗੇ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਨਾਲ ਹੋਈ ਗੱਲਬਾਤ ਵਿਚ ਕੋਈ ਮਸਲਾ ਹੱਲ਼ ਨਹੀਂ ਹੋਇਆ। ਜਦੋਂ ਤੱਕ ਸਾਡੇ ਮਸਲੇ ਹੱਲ ਨਹੀਂ ਹੁੰਦੇ ਅਸੀਂ ਸੰਘਰਸ਼ ਜਾਰੀ ਰੱਖਾਂਗੇ। 

ਕਿਸਾਨਾਂ ਨੇ ਕਿਹਾ ਕਿ ਉਹ ਅਪਣੇ ਬੱਚੇ ਤੇ ਪਰਿਵਾਰ ਛੱਡ ਕੇ ਦਿੱਲੀ ਦੀਆਂ ਸੜਕਾਂ 'ਤੇ ਬੈਠੇ ਹਨ ਪਰ ਸਰਕਾਰ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਠੰਢ 'ਤੇ ਕਿਸਾਨ ਕਿਵੇਂ ਰਾਤਾਂ ਗੁਜ਼ਾਰ ਰਹੇ ਹਨ। ਸੰਘਰਸ਼ ਵਿਚ ਡਟੇ ਕਿਸਾਨ ਬੜੇ ਜੋਸ਼ ਨਾਲ ਕਹਿ ਰਹੇ ਨੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਵਾਰਿਸ ਹਾਂ ਤੇ ਅਸੀਂ ਆਖਰੀ ਸਾਹਾਂ ਤੱਕ ਅਪਣੇ ਹੱਕਾਂ ਲਈ ਲੜਾਂਗੇ।

ਕਿਸਾਨ ਅਪਣੇ ਬੱਚਿਆਂ ਤੇ ਉਹਨਾਂ ਦੀਆਂ ਕਿਤਾਬਾਂ ਆਦਿ ਵੀ ਦਿੱਲੀ ਲੈ ਕੇ ਆਏ ਹਨ। ਕਿਸਾਨਾਂ ਨੇ ਕਿਹਾ ਕਿ ਉਹ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਕਰਕੇ ਆਏ ਹਨ ਤੇ ਜੇਕਰ ਰਾਸ਼ਣ ਖਤਮ ਹੋ ਵੀ ਜਾਂਦਾ ਹੈ ਤਾਂ ਉਹ ਪਿੰਡ ਤੋਂ ਹੋਰ ਮੰਗਵਾ ਲੈਣਗੇ। 

ਕਿਸਾਨਾਂ ਦਾ ਕਹਿਣਾ ਕਿ ਇਹ ਲੋਕਤੰਤਰ ਰਾਜ ਨਹੀਂ ਤਾਨਾਸ਼ਾਹੀ ਰਾਜ ਹੈ। ਸਰਕਾਰ ਉਹਨਾਂ ਨੂੰ ਕਈ ਦਿਨਾਂ ਤੋਂ ਲਾਰੇ ਲਗਾ ਰਹੀ ਹੈ, ਕਿਸਾਨਾਂ ਨੂੰ ਸਰਕਾਰ 'ਤੇ ਕਈ ਭਰੋਸਾ ਨਹੀਂ ਹੈ। ਉਹ ਅਪਣੀਆਂ ਕਿਸਾਨ ਜਥੇਬੰਦੀਆਂ ਦੇ ਹਰ ਫੈਸਲੇ ਵਿਚ ਸਾਥ ਦੇਣਗੇ।