ਹੁਣ ਇੰਜੀਨੀਅਰਿੰਗ ਕਾਲਜਾਂ ਵਿਚ ਹੋ ਸਕੇਗੀ ਬੀਏ, ਬੀਐਸਸੀ ਦੀ ਪੜ੍ਹਾਈ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰ ਸਾਲ ਵਿਦਿਆਰਥੀਆਂ ਦੀ ਘੱਟ ਗਿਣਤੀ ਨੂੰ ਦੇਖਦੇ ਹੋਏ ਏਆਈਸੀਟੀਈ ਨੇ ਕਲਾ ਅਤੇ ਵਿਗਿਆਨ ਦਾ ਕੋਰਸ ਚਲਾਉਣ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕੀਤਾ ਹੈ।

All India Council for Technical Education

ਨਵੀਂ ਦਿੱਲੀ : ਹੁਣ ਇੰਜੀਨੀਅਰਿੰਗ ਕਾਲਜਾਂ ਵਿਚ ਵੀ ਬੀਏ ਅਤੇ ਬੀਐਸਈ ਦੀ ਪੜ੍ਹਾਈ ਕਰਵਾਈ ਜਾਵੇਗੀ। ਇਹ ਫ਼ੈਸਲਾ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਨੇ ਲਿਆ ਹੈ। ਹਰ ਸਾਲ ਵਿਦਿਆਰਥੀਆਂ ਦੀ ਘੱਟ ਗਿਣਤੀ ਨੂੰ ਦੇਖਦੇ ਹੋਏ ਏਆਈਸੀਟੀਈ ਨੇ ਕਲਾ ਅਤੇ ਵਿਗਿਆਨ ਦਾ ਕੋਰਸ ਚਲਾਉਣ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਆਈਸੀਟੀਈ ਦੇ ਚੇਅਰਮੈਨ ਅਨਿਲ ਡੀ ਸਹਸਰਬੁਧੇ ਨੇ ਕਿਹਾ ਕਿ ਹਰ ਸਾਲ ਬਹੁਤ ਸਾਰੇ ਇੰਜੀਨੀਅਰਿੰਗ ਕਾਲਜਾਂ ਦੀਆਂ ਸੀਟਾਂ ਖਾਲੀ ਰਹਿ ਜਾਂਦੀਆਂ ਹਨ।

ਇਸ ਨੂੰ ਦੇਖਦੇ ਹੋਏ ਹੀ ਅਸੀਂ ਇਹਨਾਂ ਕਾਲਜਾਂ ਨੂੰ ਬੀਏ ਅਤੇ ਬੀਐਸਸੀ ਕੋਰਸ ਚਲਾਉਣ ਦਾ ਅਧਿਕਾਰ ਦਿਤਾ ਹੈ। ਉਹਨਾਂ ਕਿਹਾ ਕਿ ਇੰਜੀਨੀਅਰਿੰਗ ਕਾਲਜ ਹੋਣ ਕਾਰਨ ਉਥੇ ਵੀ ਬੁਨਿਆਦਾ ਢਾਂਚਾ ਇਕੋ ਜਿਹਾ ਹੀ ਹੈ। ਜਿਸ ਨਾਲ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਅਨਿਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੋਰਸ ਨੂੰ ਸ਼ੁਰੂ ਕਰਨ ਦੀ ਏਆਈਸੀਟੀਈ ਦੀ ਪ੍ਰਵਾਨਗੀ ਦਾ ਇਹ ਮਤਲਬ ਨਹੀਂ ਹੈ ਕਿ ਕਾਲਜਾਂ ਵਿਚ ਕਿਸੇ ਦੂਜੇ ਕੈਂਪਸ ਦੀ ਲੋੜ ਪਵੇਗੀ। ਹਾਲਾਂਕਿ ਇਹਨਾਂ ਕੋਰਸਾਂ ਲਈ ਕਾਲਜਾਂ ਨੂੰ ਅਪਲਾਈ ਕਰਨਾ ਹੋਵੇਗਾ।

ਵਿਸ਼ਵਕਰਮਾ ਇੰਸਟੀਚਿਊਟ ਆਫ਼ ਟੈਕਨੋਲਿਜੀ ਦੇ ਨਿਰਦੇਸ਼ਕ ਆਰ ਐਮ ਜਲਨੇਕਰ ਨੇ ਕਿਹਾ ਕਿ ਅਜੇ ਇਸ ਸਬੰਧ ਵਿਚ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। ਜੇਕਰ ਏਆਈਸੀਟੀਈ ਵੱਲੋਂ ਅਜਿਹਾ ਕੋਈ ਫ਼ੈਸਲਾ ਲਿਆ ਗਿਆ ਹੈ ਤਾਂ ਇਹ ਵਧੀਆ ਫ਼ੈਸਲਾ ਹੈ। ਉਥੇ ਹੀ ਇਸ ਮੁੱਦੇ 'ਤੇ ਪੁਣੇ ਦੇ ਕਾਲਜ ਆਫ਼ ਇੰਜੀਨੀਅਰਿੰਗ ਦੇ ਨਿਰਦੇਸ਼ਕ ਬੀ ਬੀ ਆਹੂਜਾ ਨੇ ਕਿਹਾ ਕਿ ਇਕ ਕਿੱਤਾਮੁਖੀ ਕੋਰਸ ਦੇ ਕਾਲਜ ਵਿਚ ਬੀਏ ਅਤੇ ਬੀਐਸਸੀ ਦੇ ਕੋਰਸ ਪੜ੍ਹਾਉਣਾ ਵਧੀਆ ਫ਼ੈਸਲਾ ਹੈ। ਦੱਸ ਦਈਏ ਕਿ ਬੀਤੇ ਦਿਨੀਂ ਸੀਟਾਂ ਖਾਲੀ ਹੋਣ ਕਾਰਨ ਇਕ ਸਿਫਾਰਸ਼ ਕੀਤੀ ਗਈ ਸੀ।

ਜਿਸ ਦੇ ਅਧੀਨ ਅਗਲੇ ਸਾਲ 2020 ਤੋਂ ਨਵੇਂ ਇੰਜੀਨੀਅਰਿੰਗ ਕਾਲਜ ਖੁੱਲ੍ਹਣ 'ਤੇ ਪਾਬੰਦੀ ਲਗ ਸਕਦੀ ਹੈ। ਇੰਜੀਨੀਅਰਿੰਗ ਕਾਲਜਾਂ ਦਾ ਰੀਵਿਊ ਕਰਦੇ ਹੋਏ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਵੱਲੋਂ ਗਠਿਤ ਕੀਤੀ ਗਈ ਕਮੇਟੀ ਨੇ ਇਹ ਸਿਫਾਰਸ਼ ਕੀਤੀ ਹੈ। ਰੀਪੋਰਟਾਂ ਮੁਤਾਬਕ ਇਸ ਵੇਲ੍ਹੇ ਦੇਸ਼ ਵਿਚ 10 ਹਜ਼ਾਰ ਤੋਂ ਵੱਧ ਇੰਜੀਨੀਅਰਿੰਗ ਕਾਲਜ ਹਨ। ਇਹਨਾਂ ਕਾਲਜਾਂ ਦੀਆਂ ਲਗਭਗ ਅੱਧੀਆਂ  ਸੀਟਾਂ ਭਰ ਨਹੀਂ ਪਾਉਂਦੀਆਂ। ਹਰ ਸਾਲ ਲਗਭਗ ਡੇਢ ਲੱਖ ਵਿਦਿਆਰਥੀ ਹੀ ਇੰਜੀਨੀਅਰ ਬਣ ਪਾਉਂਦੇ ਹਨ।