ਫ਼ੌਜੀ ਟੋਪੀ ਪਾ ਕੇ ਮਾਂ ਨੇ ਸ਼ਹੀਦ ਬੇਟੇ ਨੂੰ ਦਿਤੀ ਅੰਤਮ ਵਿਦਾਈ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫ਼ੌਜੀ ਟੋਪੀ ਪਾ ਕੇ ਮਾਂ ਸ਼ਹੀਦ ਬੇਟੇ ਦੀ ਅਰਥੀ ਦੇ ਅੱਗੇ ਇਕ ਕਿਲੋਮੀਟਰ ਪੈਦਲ ਤੁਰ ਕੇ ਸ਼ਮਸ਼ਾਨਘਾਟ ਤੱਕ ਗਈ ਅਤੇ ਬੇਟੇ ਨੂੰ ਸਲੂਟ ਮਾਰ ਕੇ ਅੰਤਮ ਵਿਦਾਈ ਦਿਤੀ।

Mother of Martyr Sapan Chaudhary

ਜੰਮੂ : ਜੰਮੂ ਕਸ਼ਮੀਰ ਦੇ ਪੂੰਛ ਜਿਲ਼੍ਹੇ ਵਿਚ ਸ਼ਹਾਦਤ ਪਾਉਣ ਵਾਲੇ 34 ਸਾਲ ਦੇ ਬੇਟੇ ਲਾਂਸ ਨਾਇਕ ਸਪਨ ਚੌਧਰੀ ਨੂੰ ਉਹਨਾਂ ਦੀ ਬਜ਼ੁਰਗ ਮਾਂ ਨੇ ਅਜਿਹੀ ਅੰਤਮ ਵਿਦਾਈ ਦਿਤੀ ਜਿਸ ਨੂੰ ਪੂਰੀ ਦੁਨੀਆਂ ਯਾਦ ਰੱਖੇਗੀ। ਜਿਵੇਂ ਹੀ ਸ਼ਹੀਦ ਦੀ ਮ੍ਰਿਤਕ ਦੇਹ ਉਸ ਦੇ ਘਰ ਪੁੱਜੀ ਤਾਂ ਮਾਂ ਸਵਰਣਾ ਦੇਵੀ ਖ਼ੁਦ ਸੜਕ 'ਤੇ ਪਹੁੰਚ ਗਈ। ਫ਼ੌਜੀ ਟੋਪੀ ਪਾ ਕੇ ਮਾਂ ਸ਼ਹੀਦ ਬੇਟੇ ਦੀ ਅਰਥੀ ਦੇ ਅੱਗੇ ਇਕ ਕਿਲੋਮੀਟਰ ਪੈਦਲ ਤੁਰ ਕੇ ਸ਼ਮਸ਼ਾਨਘਾਟ ਤੱਕ ਗਈ ਅਤੇ ਬੇਟੇ ਨੂੰ ਸਲੂਟ ਮਾਰ ਕੇ ਅੰਤਮ ਵਿਦਾਈ ਦਿਤੀ।

ਸ਼ਹੀਦ ਦੀ ਮਾਂ ਦੇ ਇਸ ਜਜ਼ਬੇ ਨੂੰ ਦੇਖ ਕੇ ਉਥੇ ਮੌਜੂਦ ਫ਼ੌਜੀ ਅਧਿਕਾਰੀ ਅਤੇ ਜਵਾਨ ਵੀ ਅਪਣੇ ਹੰਝੂ ਰੋਕ ਨਹੀਂ ਪਾਏ। ਮਾਂ ਨੇ ਹੋਰਨਾਂ ਦੇ ਨਾਲ ਭਾਰਤ ਮਾਂ ਦੀ ਜੈ ਦੇ ਨਾਰ੍ਹੇ ਵੀ ਲਗਾਏ। ਸ਼ਹੀਦ ਦੇ ਵੱਡੇ ਭਰਾ ਬ੍ਰਿਜਭੂਸ਼ਣ ਨੇ ਸ਼ਹੀਦ ਭਰਾ ਦਾ ਅੰਤਮ ਸੰਸਕਾਰ ਕੀਤਾ। ਸਪਨ ਦਾ ਵੱਡਾ ਭਰਾ ਅਤੇ ਪਿਤਾ ਵੀ ਫ਼ੌਜ ਤੋਂ ਸੇਵਾਮੁਕਤ ਹੋਏ ਹਨ। ਪੂੰਛ ਵਿਚ ਆਈਸਬਰਗ ਡਿੱਗਣ ਨਾਲ ਸਪਨ ਨੇ ਸ਼ਹਾਦਤ ਪਾਈ। ਇਕ ਹੋਰ ਜਖ਼ਮੀ ਹੋਏ ਪੰਜਾਬ ਦੇ ਜਵਾਨ ਦੀ ਵੀ ਮੌਤ ਹੋਈ ਹੈ।

ਸ਼ਹੀਦ ਸਪਨ ਦਾ ਅੰਤਮ ਸੰਸਕਾਰ ਪਿੰਡ ਸਿਹਾਲ ਵਿਖੇ ਪੂਰੇ ਫ਼ੌਜੀ ਸਨਮਾਨ ਨਾਲ ਕੀਤਾ ਗਿਆ। ਫ਼ੌਜ ਦੇ ਜਵਾਨਾਂ ਨੇ ਸ਼ਹੀਦ ਨੂੰ ਸਲਾਮੀ ਦਿਤੀ। ਅੰਤਮ ਯਾਤਰਾ ਵਿਚ ਮਾਂ ਸਵਰਣਾ ਦੇਵੀ ਤੋਂ ਇਲਾਵਾ ਮੌਜੂਦ ਹੋਰਨਾਂ ਕਈ ਲੋਕਾਂ ਦੀਆਂ ਅੱਖਾਂ ਵਿਚ ਹੰਝੂ ਸਨ। ਸਪਨ ਦੀ ਮਾਂ ਵਾਰ-ਵਾਰ ਬੇਟੇ ਨੂੰ ਅਵਾਜ਼ ਲਗਾ ਕੇ ਬੇਟੇ ਦੇ ਗਲੇ ਲਗਣ ਲਈ ਰੋਂਦੀ ਰਹੀ। ਇਸ ਮੌਕੇ ਐਸਡੀਐਮ ਬਲਵਾਨ ਚੰਦ, ਡੀਐਸਪੀ ਜਵਾਲੀ ਗਿਆਨ ਚੰਦ ਸਮੇਤ  ਹੋਰ ਲੋਕ ਮੌਜੂਦ ਸਨ।