‘ਪੰਚਾਇਤ ਚੋਣਾਂ’ ਅੱਗੇ ਕਰਵਾਈਆਂ ਜਾਣ, ਸਰਕਾਰ ਸ਼ਹੀਦਾਂ ਨੂੰ ਰੱਖੇ ਯਾਦ : ਗਿਆਨੀ ਹਰਪ੍ਰੀਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਚੋਣ ਕਮਿਸ਼ਨ ਵਲੋਂ ਸੂਬੇ ਵਿਚ ਪੰਚਾਇਤੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿਤਾ ਗਿਆ ਹੈ। ਜਿਸ ਤਹਿਤ 15 ਦਸੰਬਰ ਨੂੰ ਨੋਟੀਫਿਕੇਸ਼ਨ...

ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ (ਭਾਸ਼ਾ) : ਪੰਜਾਬ ਚੋਣ ਕਮਿਸ਼ਨ ਵਲੋਂ ਸੂਬੇ ਵਿਚ ਪੰਚਾਇਤੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿਤਾ ਗਿਆ ਹੈ। ਜਿਸ ਤਹਿਤ 15 ਦਸੰਬਰ ਨੂੰ ਨੋਟੀਫਿਕੇਸ਼ਨ ਅਤੇ 30 ਦਸੰਬਰ ਨੂੰ ਵੋਟਾਂ ਪਾਈਆਂ ਜਾਣੀਆਂ ਹਨ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 15 ਦਿਨਾਂ ਦੇ ਇਸ ਚੋਣਾਵੀ ਪ੍ਰੋਗਰਾਮ 'ਤੇ ਸਖ਼ਤ ਇਤਰਾਜ਼ ਜਤਾਇਆ ਹੈ ਕਿਉਂਕਿ ਸਿੱਖ ਇਤਿਹਾਸ ਵਿਚ ਦਸੰਬਰ ਦੇ ਇਹ ਪੰਦਰਾਂ ਦਿਨ ਕਾਫ਼ੀ ਮਹੱਤਵਪੂਰਨ ਹਨ, ਕਿਉਂਕਿ ਇਨ੍ਹਾਂ ਦਿਨਾਂ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ।

ਜਿਨ੍ਹਾਂ ਦੀ ਯਾਦਗਾਰ 'ਚ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਦਾ ਆਯੋਜਨ ਕੀਤਾ ਜਾਂਦੈਅਤੇ ਪੰਜਾਬ ਭਰ ਵਿਚੋਂ ਸੰਗਤਾਂ ਸ਼ਮੂਲੀਅਤ ਕਰਦੀਆਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਸ਼ਹੀਦੀ ਪੰਦਰਵਾੜੇ ਦੌਰਾਨ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਲਗਦਾ ਹੈ, ਜਿਸ ਕਾਰਨ ਮਾਹੌਲ ਗ਼ਮਗ਼ੀਨ ਹੁੰਦੈ। ਇਸ ਲਈ ਚੋਣਾਂ ਨੂੰ ਅੱਗੇ ਕਰਨਾ ਚਾਹੀਦੈ। ਉਨ੍ਹਾਂ ਆਖਿਆ ਕਿ ਪੰਜਾਬ ਹੀ ਨਹੀਂ ਪੂਰੇ ਭਾਰਤ 'ਚ ਚੋਣਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਹੁੰਦੈ। ਇਹ ਸਭ ਨੂੰ ਪਤੈ ਕਿ ਨਸ਼ੇ ਪੱਤੇ ਚਲਦੇ ਹਨ, ਜੋ ਬਹੁਤ ਮੰਦਭਾਗਾ ਰੁਝਾਨ ਹੈ।

ਅਜਿਹੇ ਦਿਹਾੜੇ ਮੌਕੇ ਚੋਣਾਵੀ ਮਾਹੌਲ ਹੋਣਾ ਠੀਕ ਨਹੀਂ ਹੈ। ਇਹ ਸਮੁੱਚੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਮੁੱਦਾ ਹੈ। ਜਿਸ 'ਤੇ ਵਿਸ਼ੇਸ਼ ਕਰਕੇ ਚੋਣ ਕਮਿਸ਼ਨ ਨੂੰ ਗ਼ੌਰ ਕਰਨੀ ਚਾਹੀਦੀ ਹੈ ਅਤੇ ਚੋਣਾਂ ਦੀਆਂ ਤਰੀਕਾਂ ਅੱਗੇ ਕਰਨੀਆਂ ਚਾਹੀਦੀਆਂ ਹਨ, ਉਨ੍ਹਾਂ ਇਹ ਵੀ ਆਖਿਆ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਦਸ ਦਈਏ ਕਿ ਪੰਜਾਬ ਦੇ ਜ਼ਿਆਦਾਤਰ ਸਿੱਖਾਂ ਵਲੋਂ ਪਹਿਲਾਂ ਹੀ ਸ਼ਹੀਦੀ ਜੋੜ ਮੇਲ ਦੇ ਚਲਦਿਆਂ ਚੋਣਾਂ ਦੀਆਂ ਤਰੀਕਾਂ ਅੱਗੇ ਪਾਏ ਜਾਣ ਦੀ ਮੰਗ ਕੀਤੀ ਜਾ ਰਹੀ ਸੀ ਪਰ ਇਸ ਦੇ ਬਾਵਜੂਦ ਚੋਣ ਤਰੀਕਾਂ ਦਾ ਐਲਾਨ ਕਰ ਦਿਤਾ ਗਿਆ।

 ਪਰ ਜਦੋਂ ਹੁਣ ਅਕਾਲ ਤਖ਼ਤ ਸਾਹਿਬ ਵਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ, ਤਾਂ ਦੇਖਣਾ ਹੋਵੇਗਾ ਕਿ ਚੋਣ ਕਮਿਸ਼ਨ ਇਨ੍ਹਾਂ ਤਰੀਕਾਂ ਨੂੰ ਅੱਗੇ ਕਰਦਾ ਹੈ ਜਾਂ ਨਹੀਂ।