'ਮੌਕਾ ਮਿਲਿਆ ਤਾਂ ਰਾਮ ਮੰਦਰ 'ਚ ਪੱਥਰ ਲਾਉਣ ਲਈ ਜਾਵਾਂਗਾ'' : ਫ਼ਾਰੂਕ ਅਬਦੁੱਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਯੁੱਧਿਆ ਵਿਵਾਦ 'ਤੇ 10 ਜਨਵਰੀ ਤੋਂ ਸੁਣਵਾਈ ਸ਼ੁਰੂ ਹੋਣ ਦੇ ਮੱਦੇਨਜ਼ਰ ਜੰਮੂ ਕਸ਼ਮੀਰ 'ਚ ਨੈਸ਼ਨਲ ਕਾਨਫ਼ਰੰਸ ਦੇ ਨੇਤਾ ਫ਼ਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਇਸ ਮਸਲੇ ਦਾ....

Faruque Abdula

ਨਵੀਂ ਦਿੱਲੀ : ਅਯੁੱਧਿਆ ਵਿਵਾਦ 'ਤੇ 10 ਜਨਵਰੀ ਤੋਂ ਸੁਣਵਾਈ ਸ਼ੁਰੂ ਹੋਣ ਦੇ ਮੱਦੇਨਜ਼ਰ ਜੰਮੂ ਕਸ਼ਮੀਰ 'ਚ ਨੈਸ਼ਨਲ ਕਾਨਫ਼ਰੰਸ ਦੇ ਨੇਤਾ ਫ਼ਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਇਸ ਮਸਲੇ ਦਾ ਹੱਲ ਗੱਲਬਾਤ ਨਾਲ ਕੱਢਿਆ ਜਾਣਾ ਚਾਹੀਦੈ। ਰਾਮ ਸਿਰਫ਼ ਹਿੰਦੂਆਂ ਦੇ ਨਹੀਂ ਸਗੋਂ ਸਾਰਿਆਂ ਦੇ ਪੂਜਨੀਕ ਹਨ। ਉਨ੍ਹਾਂ ਆਖਿਆ ਕਿ ਜੇਕਰ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਹ ਵੀ ਰਾਮ ਮੰਦਰ ਵਿਚ ਪੱਥਰ ਲਗਾਉਣ ਲਈ ਅਯੁੱਧਿਆ ਜਾਣਗੇ। ਹਾਲਾਂਕਿ ਫ਼ਾਰੂਕ ਅਬਦੁੱਲਾ ਨੇ ਭਾਜਪਾ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਭਾਜਪਾ ਨੇ ਪੌਣੇ 5 ਸਾਲ ਵਿਚ ਕੁਝ ਨਹੀਂ ਕੀਤਾ ਬਲਕਿ ਭਾਜਪਾ ਨੂੰ ਮੰਦਰ ਬਣਾਉਣ ਨਾਲ ਕੋਈ ਮਤਲਬ ਨਹੀਂ ਹੈ।

ਇਹ ਲੋਕ ਸਿਰਫ਼ ਕੁਰਸੀ 'ਤੇ ਬੈਠਣ ਲਈ ਮੰਦਰ ਦੀ ਗੱਲ ਚੁੱਕਦੇ ਹਨ। ਦਸ ਦਈਏ ਕਿ ਆਯੁੱਧਿਆ ਵਿਚ ਰਾਮ ਮੰਦਰ-ਬਾਬਰੀ ਮਸਜਿਦ ਦਾ ਵਿਵਾਦ ਕਾਫ਼ੀ ਗਰਮਾਇਆ ਹੋਇਆ ਹੈ। ਜਿੱਥੇ ਕੁੱਝ ਲੋਕ ਅਦਾਲਤ ਦੇ ਫ਼ੈਸਲੇ ਦਾ ਇੰਤਜ਼ਾਰ ਕਰਨ ਦੀ ਗੱਲ ਆਖ ਰਹੇ ਹਨ, ਉਥੇ ਹੀ ਵਿਸ਼ਵ ਹਿੰਦੂ ਪ੍ਰੀਸ਼ਦ ਸਮੇਤ ਕਈ ਹਿੰਦੂ ਸੰਗਠਨ ਸ਼ਰ੍ਹੇਆਮ ਇਹ ਆਖ ਚੁੱਕੇ ਹਨ ਕਿ ਉਹ ਅਦਾਲਤ ਦੇ ਫ਼ੈਸਲੇ ਦਾ ਇੰਤਜ਼ਾਰ ਨਹੀਂ ਕਰ ਸਕਦੇ।

ਅਜਿਹੇ ਵਿਚ ਇਕ ਮੁਸਲਿਮ ਨੇਤਾ ਫਾਰੂਕ ਅਬਦੁੱਲਾ ਦਾ ਰਾਮ ਮੰਦਰ ਨੂੰ ਲੈ ਕੇ ਦਿਤਾ ਬਿਆਨ ਉਨ੍ਹਾਂ ਹਿੰਦੂ ਸੰਗਠਨਾਂ ਦੇ ਮੂੰਹ 'ਤੇ ਚਪੇੜ ਹੈ ਜੋ ਅਦਾਲਤ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਣ ਲਈ ਵੀ ਕਾਹਲੇ ਹਨ।