ਰਾਫੇਲ 'ਤੇ ਪੀਐਮ ਮੋਦੀ ਦਾ ਕਾਂਗਰਸ 'ਤੇ ਪਲਟਵਾਰ, ਚੌਂਕੀਦਾਰ ਦੇ ਪਿੱਛੇ ਲਗੀ ਹੈ ਚੋਰਾਂ ਦੀ ਜਮਾਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਦੀ ਨੇ ਕਿਹਾ ਕਿ ਸਮਝ ਨਹੀਂ ਆਉਂਦਾ ਕਿ ਕਾਂਗਰਸ ਨੇ ਸਰਕਾਰ ਚਲਾਈ ਹੈ ਜਾਂ ਅਪਣੇ ਮਿਸ਼ੇਲ ਮਾਮਾ ਦਾ ਦਰਬਾਰ ਚਲਾਇਆ ਹੈ।

PM Narendra Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਡੀਸ਼ਾ ਵਿਖੇ ਬਾਰੀਪਦਾ ਦੀ ਰੈਲੀ ਦੌਰਾਨ ਕਾਂਗਰਸ ਦੇ ਨਾਲ-ਨਾਲ ਨਵੀਨ ਪਟਨਾਇਕ ਸਰਕਾਰ 'ਤੇ ਵੀ ਤਿੱਖੇ ਹਮਲੇ ਬੋਲਦਿਆਂ ਕਿਹਾ ਕਿ ਯੂਪੀਏ ਸਰਕਾਰ ਦੌਰਾਨ ਪੀਐਮਓ ਦੀਆਂ ਫਾਈਲਾਂ ਤੱਕ ਵਿਚੋਲਿਆਂ ਦੀ ਪਹੁੰਚ ਸੀ। ਵੀਵੀਆਈਪੀ ਹੈਲੀਕਾਪਟਰ ਘਪਲੇ ਦੇ ਵਿਚੋਲਿਆਂ ਨੇ ਕ੍ਰਿਸਚਨ ਮਿਸ਼ੇਲ ਦੇ ਬਹਾਨੇ ਕਾਂਗਰਸ ਦੇ ਹਮਲਾ ਕਰਦੇ ਹੋਏ ਉਹਨਾਂ ਕਿਹਾ ਕਿ ਸਮਝ ਨਹੀਂ ਆਉਂਦਾ ਕਿ ਕਾਂਗਰਸ ਨੇ ਸਰਕਾਰ ਚਲਾਈ ਹੈ ਜਾਂ ਅਪਣੇ ਮਿਸ਼ੇਲ ਮਾਮਾ ਦਾ ਦਰਬਾਰ ਚਲਾਇਆ ਹੈ।

ਪੀਐਮ ਨੇ ਕਿਹਾ ਕਿ ਸਾਡੀ ਸਰਕਾਰ ਦੇਸ਼ ਦੀਆਂ ਫ਼ੌਜਾਂ ਨੂੰ ਸਾਜ਼ਸ਼ ਦੇ ਜਾਲ ਵਿਚੋਂ ਬਾਹਰ ਕੱਢ ਰਹੀ ਹੈ। ਕਾਂਗਰਸ ਨੂੰ ਇਹ ਗੱਲ ਕੰਢੇ ਵਾਂਗ ਚੁੱਭ ਰਹੀ ਹੈ। ਉਹਨਾਂ ਕਿਹਾ ਕਿ ਇਹੋ ਕਾਰਨ ਹੈ ਕਿ ਚੋਰਾਂ ਦੀ ਜਮਾਤ ਚੌਂਕੀਦਾਰ ਨੂੰ ਰਾਹ ਤੋਂ ਹਟਾਉਣਾ ਚਾਹੁੰਦੀ ਹੈ। ਕਾਂਗਰਸ ਤੇ ਅਪਣੀ ਸਰਕਾਰ ਦੌਰਾਨ ਫ਼ੌਜ ਨੂੰ ਕਮਜ਼ੋਰ ਕਰਨ ਦੀ ਸਾਜ਼ਸ਼ ਦਾ ਦੋਸ਼ ਲਗਾਉਂਦੇ ਹੋਏ ਪੀਐਮ ਨੇ ਕਿਹਾ ਕਿ 2004 ਤੋਂ ਲੈ ਕੇ 2014 ਵਿਚਕਾਰ ਕਿਸ ਤਰ੍ਹਾਂ ਦੇਸ਼ ਦੀ ਫ਼ੌਜ ਨੂੰ ਕਮਜ਼ੋਰ ਕਰਨ ਦੀ ਸਾਜ਼ਸ਼ ਰਚੀ ਗਈ। ਹੁਣ ਦੇਸ਼ ਇਹ ਸੱਭ ਕੁਝ ਦੇਖ ਰਿਹਾ ਹੈ ਤੇ ਉਸ ਨੂੰ ਸਮਝ ਵੀ ਰਿਹਾ ਹੈ।

ਕ੍ਰਿਸਚਨ ਮਿਸ਼ੇਲ ਨੂੰ ਕਾਂਗਰਸ ਦਾ ਰਾਜ਼ਦਾਰ ਦੱਸਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਦੇ ਰਾਜ਼ ਖੁੱਲ੍ਹ ਰਹੇ ਹਨ। ਮੋਦੀ ਨੇ ਕਿਹਾ ਕਿ ਕੱਲ ਹੀ ਰੀਪੋਰਟ ਆਈ ਸੀ ਕਿ ਹੈਲੀਕਾਪਟਰ ਘਪਲੇ ਦੇ ਵਿਚੋਲੇ ਅਤੇ ਕਾਂਗਰਸ ਦੇ ਘਪਲਿਆਂ ਦੇ ਰਾਜ਼ਦਾਰ ਮਿਸ਼ੇਲ ਦੀ ਚਿੱਠੀ ਤੋਂ ਖੁਲਾਸਾ ਹੋਇਆ ਹੈ। ਉਸ ਦੇ ਕਾਂਗਰਸ ਦੇ ਸੀਨੀਅਰ ਨੇਤਾਵਾ ਨਾਲ ਡੂੰਘੀ ਪਛਾਣ ਸੀ। ਪੀਐਮਓ ਵਿਚ ਕਿਹੜੀ ਫਾਈਲ ਕਿਥੇ ਜਾ ਰਹੀ ਹੈ,

ਇਸ ਦੀ ਹਰ ਪਲ ਦੀ ਜਾਣਕਾਰੀ ਸੀ। ਮੋਦੀ ਨੇ ਅੱਗੇ ਕਿਹਾ ਕਿ ਕੈਬਿਨਟ ਕਮੇਟੀ ਆਨ ਸਿਕਊਰਿਟੀ ਦੀ ਬੈਠਕਾਂ ਦੀ ਪੂਰੀ ਜਾਣਕਾਰੀ ਵੀ ਉਸ ਤੱਕ ਪਹੰਚਦੀ ਸੀ। ਇਸ ਜਾਣਕਾਰੀ ਨੂੰ ਉਹ ਵਿਦੇਸ਼ ਤੱਕ ਪਹੁੰਚਾਉਂਦਾ ਸੀ। ਉਹਨਾਂ ਕਿਹਾ ਕਿ ਕੇਂਦਰ ਦੀ ਸਰਕਾਰ ਦੇਸ਼ ਦੀ ਸੁਰੱਖਿਆ ਲਈ ਲਗਾਤਾਰ ਵੱਡੇ ਫ਼ੈਸਲੇ ਲੈ ਰਹੀ ਹੈ। ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਕਾਨੂੰਨ ਕਿਸੇ ਨੂੰ ਨਹੀਂ ਛੱਡੇਗਾ।