ਨਨਕਾਣਾ ਸਾਹਿਬ 'ਤੇ ਹਮਲਾ ਕਰਨ ਵਾਲੇ ਦੀ ਅਕਲ ਆਈ ਟਿਕਾਣੇ, ਹੁਣ ਮੰਗ ਰਿਹਾ ਹੈ ਮਾਫ਼ੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ੋਸ਼ਲ ਮੀਡੀਆ 'ਤੇ ਅਪਣੀ 53  ਸੈਕਿੰਡ ਦੀ ਵੀਡੀਓ ਰਾਹੀਂ ਸਿੱਖਾਂ ਤੋਂ ਮਾਫ਼ੀ ਮੰਗੀ ਹੈ

File Photo

ਚੰਡੀਗੜ੍ਹ : ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਕੱਲ ਗੁਰਦਆਰਾ ਜਨਮ ਅਸਥਾਨ 'ਤੇ ਹੋਏ ਫ਼ਿਰਕੂ ਜਨੂੰਨੀ ਹਮਲੇ ਦੇ ਮੁੱਖ ਦੋਸ਼ੀ ਇਮਰਾਨ ਚਿਸ਼ਤੀ ਬਾਬਾ ਨੇ ਸ਼ੋਸ਼ਲ ਮੀਡੀਆ 'ਤੇ ਅਪਣੀ 53  ਸੈਕਿੰਡ ਦੀ ਵੀਡੀਓ ਰਾਹੀਂ ਸਿੱਖਾਂ ਤੋਂ ਮਾਫ਼ੀ ਮੰਗੀ ਹੈ।

ਇੰਟਰਨੈੱਟ 'ਤੇ ਪਾਈ ਅਪਣੀ  ਵੀਡੀਉ ਵਿਚ ਉਸ ਨੇ ਕੱਲ੍ਹ ਦੀ ਘਟਨਾ 'ਤੇ ਮਾਫ਼ੀ ਮੰਗਦੇ ਹੋਏ ਕਿਹਾ ਕਿ ਕੱਲ੍ਹ ਉਹ ਜ਼ਜਬਾਤ ਵਿਚ ਬਹੁਤ ਸਾਰੀਆਂ ਗੱਲਾਂ ਕਰ ਗਿਆ। ਜਿਹੜੀਆਂ ਕਿ ਸਿੱਖਾਂ ਅਤੇ ਗੁਰਦੁਆਰਾ ਸਾਹਿਬ ਬਾਰੇ ਸਨ। ਉਸ ਨੇ ਦਸਿਆ ਕਿ ਉਸ ਦਾ ਇਰਾਦਾ ਗੁਰਦੁਆਰਾ ਸਾਹਿਬ ਦਾ ਘੇਰਾ ਕਰਨਾ ਸੀ ਨਾ ਕਿ ਪੱਥਰਬਾਜ਼ੀ ਦਾ ਸੀ।

ਉਸ ਨੇ ਕਿਹਾ, ''ਨਾ ਹੀ ਅਸੀਂ ਪੱਥਰਬਾਜ਼ੀ ਕੀਤੀ ਅਤੇ ਨਾਂ ਹੀ ਕਰਾਂਗੇ। ਜੇਕਰ ਸਿੱਖਾਂ ਨੂੰ ਇਸ ਗੱਲ ਦਾ ਦੁੱਖ ਲੱਗਾ ਤਾਂ ਮੈਂ ਮਾਫ਼ੀ ਮੰਗਦਾ ਹਾਂ। ਸਿੱਖ ਸਾਡੇ ਭਰਾ ਹਨ 'ਤੇ ਅੱਗੇ ਵੀ ਰਹਣਿਗੇ। ਜਿਸ ਤਰ੍ਹਾਂ ਅਸੀ ਪਹਿਲਾਂ ਇਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਇੱਜ਼ਤ ਕਰਦੇ ਸੀ ਉਸੇ ਤਰ੍ਹਾਂ ਅੱਗੇ ਵੀ ਕਰਦੇ ਰਹਾਂਗੇ''।

ਦੱਸ ਦਈਏ ਕਿ ਸ਼ੁੱਕਰਵਾਰ ਸ਼ਾਮ ਨੂੰ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ  ਦੇ ਬਾਹਰ ਇਮਰਾਨ ਚਿਸ਼ਤੀ ਬਾਬਾ ਦੀ ਅਗਵਾਈ ਵਿਚ ਹਿੰਸਕ ਹੋਈ ਭੀੜ ਨੇ ਪ੍ਰਦਰਸ਼ਨ ਅਤੇ ਪੱਥਰਬਾਜ਼ੀ ਕੀਤੀ ਸੀ। ਨਾਲ ਹੀ ਸਿੱਖਾਂ ਨਾਲ ਕੁੱਟਮਾਰ ਕਰਨ ਦੀਆਂ ਖਬਰਾਂ ਵੀ ਆਈਆਂ ਸਨ ਜਿਸ ਤੋਂ ਬਾਅਦ ਹੁਣ ਤੱਕ ਪੂਰੀ ਦੁਨੀਆਂ ਵਿਚ ਬੈਠੀ ਨਾਨਕ ਨਾਮ ਲੇਵਾ ਸੰਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੁਖਾਂਤ ਘਟਨਾ ਦੇ ਚੰਹੁ-ਤਰਫ਼ੀ ਨਿੰਦਾ ਕੀਤੀ ਜਾ ਰਹੀ ਹੈ।