ਔਰਤਾਂ ਦੇ ਅੰਡਰਗਾਰਮੈਂਟਸ 'ਤੇ ਹੱਥ ਸਾਫ਼ ਕਰ ਰਿਹੈ ਚੋਰ, ਪੁਲਿਸ ਵੀ ਹੋਈ ਪ੍ਰੇਸ਼ਾਨ!

ਏਜੰਸੀ

ਖ਼ਬਰਾਂ, ਰਾਸ਼ਟਰੀ

ਘਰਾਂ 'ਚ ਸੁੱਕਣੇ ਪਾਏ ਸਿਰਫ਼ ਔਰਤਾਂ ਦੇ ਕੱਪੜੇ ਹੀ ਹੋ ਰਹੇ ਨੇ ਗਾਇਬ

file photo

ਚੇਨਈ : ਆਮ ਤੌਰ 'ਤੇ ਚੋਰਾਂ ਦੀ ਨਜ਼ਰ ਸੋਨੇ ਚਾਂਦੀ ਦੇ ਗਹਿਣੀਆਂ ਜਾਂ ਹੋਰ ਕੀਮਤੀ ਚੀਜ਼ਾਂ 'ਤੇ ਹੁੰਦੀ ਹੈ। ਇਨ੍ਹਾਂ ਦੀ ਚੋਰੀ ਉਹ ਅਪਣੀਆਂ ਮਾਇਕੀ ਤੇ ਦੂਜੀਆਂ ਜ਼ਰੂਰਤਾਂ ਪੂਰੀਆਂ ਖ਼ਾਤਰ ਕਰਦੇ ਹਨ। ਇੱਥੋਂ ਤਕ ਤਾਂ ਚੋਰਾਂ ਦੀ ਮਾਨਸਿਕਤਾ ਤੇ ਜ਼ਰੂਰਤ ਦੀ ਸਮਝ ਪੈਂਦੀ ਹੈ। ਪਰ ਜਦੋਂ ਕੋਈ ਚੋਰ ਅਜਿਹੀਆਂ ਬਿਨਾਂ ਮਤਲਬ ਦੀਆਂ ਵਸਤਾਂ 'ਤੇ ਹੱਥ ਸਾਫ਼ ਕਰਨ ਲੱਗ ਜਾਵੇ, ਜਿਸ ਦਾ ਉਸ ਦੀਆਂ ਜ਼ਰੂਰਤਾਂ ਜਾਂ ਮਾਇਕੀ ਮਜਬੂਰੀ ਨਾਲ ਕੋਈ ਵਾਹ-ਵਾਸਤਾ ਨਹੀਂ ਹੁੰਦਾ ਤਾਂ ਅਜਿਹੇ ਚੋਰ ਨੂੰ ਵੇਖਣ ਤੇ ਉਸ ਬਾਰੇ ਜਾਣਨ ਦੀ ਹਰ ਕਿਸੇ ਦੀ ਇੱਛਾ ਜ਼ਰੂਰ ਹੋਵੇਗੀ। ਜੀ ਹਾਂ, ਅਜਿਹੇ ਹੀ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਅੱਜਕੱਲ੍ਹ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੀ ਪੁਲਿਸ ਕਰ ਰਹੀ ਹੈ।

ਖ਼ਬਰਾਂ ਮੁਤਾਬਕ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿਖੇ ਅੱਜਕੱਲ੍ਹ ਇਕ ਅਜਿਹੀ ਕਿਸਮ ਦਾ ਚੋਰ ਸਰਗਰਮ ਹੈ ਜੋ ਕੇਵਲ ਔਰਤਾਂ ਦੇ ਧੋ ਕੇ ਸੁੱਕਣੇ ਪਾਏ ਅੰਡਰਗਾਰਮੈਂਟਸ (ਬਰਾ-ਪੈਂਟੀ) ਹੀ ਚੋਰੀ ਕਰਦਾ ਹੈ। ਪੁਲਿਸ ਵਲੋਂ ਇਸ ਚੋਰ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤਕ ਸਫ਼ਲਤਾ ਹੱਥ ਨਹੀਂ ਲੱਗੀ।

ਇਹ ਚੋਰ ਘਰ ਦੇ ਬਾਹਰ  ਰੱਸੀ 'ਤੇ ਸੁੱਕਣੇ ਪਾਏ ਕੱਪੜਿਆਂ ਵਿਚੋਂ ਸਿਰਫ਼ ਔਰਤਾਂ ਦੇ ਅੰਡਰਗਾਰਮੈਂਟਸ ਨੂੰ ਹੀ ਅਪਣਾ ਨਿਸ਼ਾਨਾ ਬਣਾਉਂਦਾ ਹੈ। ਇਸੇ ਦੌਰਾਨ ਸੁੱਕਣੇ ਪਾਏ ਬਾਕੀ ਕੱਪੜੇ ਭਾਵੇਂ ਉਹ ਕਿੰਨੇ ਵੀ ਵਧੀਆ ਤੇ ਕੀਮਤੀ ਹੀ ਕਿਉਂ ਨਾ ਹੋਣ, ਚੋਰ ਉਨ੍ਹਾਂ ਨੂੰ ਹੱਥ ਤਕ ਨਹੀਂ ਲਾਉਂਦਾ।

ਚੇਨਈ ਦੇ ਅਦਮਬਕਮ ਦੀ ਨਿਊ ਕਾਲੋਨੀ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਪਿਛਲੇ ਹਫ਼ਤਿਆਂ ਦੌਰਾਨ ਉਨ੍ਹਾਂ ਨੂੰ ਇਕ ਵੱਖਰੀ ਕਿਸਮ ਦੀ ਚੋਰੀ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਰਤਾਂ ਅਨੁਸਾਰ ਜਦੋਂ ਉਹ ਅਪਣੇ ਕੱਪੜੇ ਘਰ ਦੇ ਬਾਹਰ ਸੁੱਕਣ ਲਈ ਪਾਉਂਦੀਆਂ ਹਨ ਤਾਂ ਉਨ੍ਹਾਂ ਵਿਚੋਂ  ਅੰਡਰਗਾਰਮੈਂਟਸ ਗਾਇਬ ਹੋ ਜਾਂਦੇ ਹਨ।

ਨਿਊ ਕਾਲੋਨੀ ਦੀ ਰਹਿਣ ਵਾਲੀ ਆਰ ਮੈਰੀ ਨਾਂ ਦੀ ਔਰਤ ਨੇ ਦਸਿਆ ਕਿ ਨਿਊ ਕਾਲੋਨੀ 'ਚ ਘੱਟੋ-ਘੱਟ 10 ਔਰਤਾਂ ਦੇ ਕੱਪੜੇ ਚੋਰੀ ਹੋ ਚੁੱਕੇ ਹਨ। ਉਸ ਨੇ ਦਸਿਆ ਕਿ ਇਹ ਕੱਪੜੇ ਧੋਣ ਤੋਂ ਬਾਅਦ ਸੁੱਕਣ ਲਈ ਰੱਸੀ 'ਤੇ ਪਾਏ ਹੋਏ ਸਨ। ਔਰਤਾਂ ਅਨੁਸਾਰ ਉਨ੍ਹਾਂ ਵਲੋਂ ਪਹਿਲਾਂ ਵੀ ਇਸੇ ਤਰ੍ਹਾਂ ਕੱਪੜੇ ਸੁਕਣੇ ਪਾਏ ਜਾਂਦੇ ਸਨ ਪਰ ਪਿਛਲੇ ਕੁੱਝ ਦਿਨਾਂ ਤੋਂ ਸਿਰਫ਼ ਅੰਡਰਗਾਰਮੈਂਟ ਹੀ ਗਾਇਬ ਹੋ ਰਹੇ ਹਨ।

ਪਹਿਲਾਂ ਪਹਿਲ ਤਾਂ ਉਨ੍ਹਾਂ ਨੂੰ ਲੱਗਿਆ ਕਿ ਕੱਪੜੇ ਕਿਤੇ ਹਵਾਂ ਨਾਲ ਉੱਡ ਕੇ ਇਧਰ ਉਧਰ ਡਿੱਗ ਗਏ ਹੋਣਗੇ ਜਾਂ ਕੋਈ ਕੁੱਤਾਂ ਜਾਂ ਬਿੱਲੀ ਬਗੈਰਾ ਖਿੱਚ ਕੇ ਲੈ ਗਿਆ ਹੋਵੇਗਾ। ਪਰ ਅਪਾਰਟਮੈਂਟ ਵਿਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਵੇਖਣ ਤੋਂ ਬਾਅਦ ਸਾਰੀ ਸੱਚਾਈ ਸਾਹਮਣੇ ਆ ਗਈ।

ਵੀਡੀਓ ਫੁਟੇਜ਼ ਵਿਚ ਇਕ ਵਿਅਕਤੀ ਤੜਕੇ ਅਪਾਰਟਮੈਂਟ ਵਿਚ ਆਉਂਦਾ ਦਿਖਾਈ ਦਿੰਦਾ ਹੈ ਜੋ ਸਿਰਫ਼ ਔਰਤਾਂ ਦੇ ਕੱਪੜੇ ਚੋਰੀ ਕਰ ਕੇ ਲਿਜਾਂਦਾ ਵਿਖਾਈ ਦਿੰਦਾ ਹੈ। ਇਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿਤੀ ਗਈ। ਪੁਲਿਸ ਨੇ ਚੋਰ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿਤੀ ਹੈ।