ਭਾਜਪਾ ਪੰਜਾਬ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਪੂਰਨ ਬਹੁਮੱਤ ਹਾਸਲ ਕਰੇਗੀ : ਗਰੇਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਕਿਸਾਨ ਅੰਦੋਲਨ ਲੀਡਰਲੈਂਸ ਹੋ ਗਿਐ, ਸਰਕਾਰ ਕਿਸ ਨਾਲ ਗੱਲ ਕਰੇ?

Surjit Jayani, Harjit Grewal

ਨਵੀਂ ਦਿੱਲੀ : ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਦਰਮਿਆਨ ਭਾਜਪਾ ਆਗੂਆਂ ਦੀ ਟੂਨ ਇਕ ਵਾਰ ਫਿਰ ਬਦਲ ਗਈ ਹੈ। ਅੱਜ ਪੰਜਾਬ ਨਾਲ ਸਬੰਧਤ ਦੋ ਭਾਜਪਾ ਆਗੂਆਂ ਸੁਰਜੀਤ ਜਿਆਣਾ ਅਤੇ ਹਰਜੀਤ ਸਿੰਘ ਗਰੇਵਾਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਹੋਈ। ਤਕਰੀਬਨ 3-4 ਘੰਟੇ ਚੱਲੀ ਇਸ ਮੀਟਿੰਗ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਪਰ ਜਦੋਂ ਇਹ ਦੋਵੇਂ ਲੀਡਰ ਮੀਟਿੰਗ ਤੋਂ ਬਾਅਦ ਬਾਹਰ ਆਏ ਤਾਂ ਉਨ੍ਹਾਂ ਨੇ ਮੀਟਿੰਗ ਦੇ ਵੇਰਵੇ ਦੇਣ ਤੋਂ ਟਾਲਾ ਵੱਟ ਲਿਆ।

ਇਨ੍ਹਾਂ ਆਗੂਆਂ ਨੇ ਮੀਟਿੰਗ ਦੇ ਵੇਰਵੇ ਮੀਡੀਆ ਨੂੰ ਦੇਣ ਤੋਂ ਟਾਲਾ ਵਟਦਿਆਂ ਕਿਸਾਨੀ ਸੰਘਰਸ਼ ’ਤੇ ਹੀ ਸਵਾਲ ਉਠਾਉਣੇ ਸ਼ੁਰੂ ਕਰ ਦਿਤੇ ਹਨ। ਭਾਜਪਾ ਆਗੂ ਸਰਜੀਤ ਜਿਆਣਾ ਅਤੇ ਹਰਜੀਤ ਗਰੇਵਾਲ ਨੇ ਕਿਹਾ ਕਿ ਕਿਸਾਨੀ ਸੰਘਰਸ਼ ਲੀਡਰਲੈਂਸ ਹੋ ਚੁਕਿਆ ਹੈ, ਫਿਰ ਗੱਲ ਕਿਸ ਨਾਲ ਕੀਤੀ ਜਾਵੇ। ਪੱਤਰਕਾਰਾਂ ਦੇ ਸਵਾਲਾਂ ਦੇ ਖਿੱਝ ਕੇ ਹਰਜੀਤ ਗਰੇਵਾਲ ਨੇ ਕਿਹਾ ਕਿ ਅਸੀਂ ਤਾਂ ਸਿਰਫ਼ ਅਪਣੇ ਲੀਡਰ ਦਾ ਅਸ਼ੀਰਵਾਦ ਲੈਣ ਗਏ ਸਾਂ ਜੋ ਸਾਨੂੰ ਮਿਲ ਗਿਆ ਹੈ।

ਪ੍ਰਧਾਨ ਮੰਤਰੀ ਵਲੋਂ ਕਿਸਾਨ ਆਗੂਆਂ ਨਾਲ ਮਿਲਣ ਸਬੰਧੀ ਪੁਛੇ ਸਵਾਲ ਦੇ ਜਵਾਬ ’ਚ ਭਾਜਪਾ ਆਗੂਆਂ ਦਾ ਕਹਿਣਾ ਸੀ ਕਿ ਕਿਸਾਨੀ ਸੰਘਰਸ਼ ਇਸ ਵੇਲੇ ਲੀਡਰਨੈਂਸ ਹੋ ਚੁੱਕਾ ਹੈ। ਇਸ ’ਤੇ ਕਮਿਊਨਿਸਟਾਂ ਅਤੇ ਮਾਊਵਾਦੀ ਵਿਚਾਰਾਂ ਵਾਲਿਆਂ ਦਾ ਕਬਜ਼ਾ ਹੋ ਗਿਆ ਹੈ। ਜਦੋਂ ਤਕ ਅਸਲੀ ਕਿਸਾਨ ਆਗੂ ਸਾਹਮਣੇ ਨਹੀਂ ਆਉਂਦੇ, ਗੱਲਬਾਤ ਸਿਰੇ ਨਹੀਂ ਚੜ ਸਕਦੀ। 

ਸੁਰਜੀਤ ਜਿਆਣੀ ਨੇ ਕਿਹਾ ਕਿ 40 ਦੇ ਕਰੀਬ ਆਗੂ ਮੀਟਿੰਗ ਕਰਨ ਚੱਲ ਪੈਂਦੇ ਹਨ, ਕੁੱਝ ਮੀਡੀਆ ਵਾਲੇ ਹੋ ਜਾਂਦੇ ਹਨ, ਅਜਿਹੇ ਘੜਮੱਸ ਵਿਚ ਗੱਲਬਾਤ ਕਿਵੇਂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਕੁੱਝ ਆਗੂਆਂ ਦੀ ਕਮੇਟੀ ਬਣਾ ਕੇ ਸਰਕਾਰ ਨਾਲ ਗੱਲਬਾਤ ਲਈ ਅੱਗੇ ਆਉਣਾ ਚਾਹੀਦਾ ਹੈ।

ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਇਕੱਲੇ ਲੜਣ ਦੇ ਸਵਾਲ ’ਤੇ ਹਰਜੀਤ ਗਰੇਵਾਲ ਨੇ ਕਿਹਾ ਕਿ ਪੰਜਾਬ ਵਿਚ ਅਗਲੀ ਸਰਕਾਰ ਭਾਜਪਾ ਦੀ ਹੀ ਹੋਵੇਗੀ ਅਤੇ ਪਾਰਟੀ ਪੰਜਾਬ ਚੋਣਾਂ ’ਚ ਬਹੁਮੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਤਾਂ ਪੂਰੀ ਦੁਨੀਆਂ ਦੀ ਚਿੰਤਾ ਹੈ, ਉਹ ਅਪਣੇ ਦੇਸ਼ ਦੇ ਕਿਸਾਨਾਂ ਦੀ ਚਿੰਤਾ ਕਿਵੇਂ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਪ੍ਰ੍ਧਾਨ ਮੰਤਰੀ ਨੂੰ ਪੰਜਾਬ ਸਮੇਤ ਪੂਰੇ ਦੇਸ਼ ਦੇ ਹਾਲਾਤਾਂ ਦੀ ਪੂਰੀ ਜਾਣਕਾਰੀ ਹੈ।