ਖ਼ਰਾਬ ਮੌਸਮ ਵਿਚ ਪਾਇਲਟ ਦੀ ਗਲਤੀ ਕਾਰਨ ਕਰੈਸ਼ ਹੋਇਆ ਸੀ ਜਨਰਲ ਬਿਪਿਨ ਰਾਵਤ ਦਾ ਹੈਲੀਕਾਪਟਰ-ਸੂਤਰ
ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੇ ਹੈਲੀਕਾਪਟਰ ਦੇ ਕਰੈਸ਼ ਹੋਣ ਪਿੱਛੇ ਪਾਇਲਟ ਦੀ ਗਲਤੀ ਹੋ ਸਕਦੀ ਹੈ।
ਨਵੀਂ ਦਿੱਲੀ: ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੇ ਹੈਲੀਕਾਪਟਰ ਦੇ ਕਰੈਸ਼ ਹੋਣ ਪਿੱਛੇ ਪਾਇਲਟ ਦੀ ਗਲਤੀ ਹੋ ਸਕਦੀ ਹੈ। ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪਿਛਲੇ ਮਹੀਨੇ 8 ਦਸੰਬਰ ਨੂੰ ਏਅਰਫੋਰਸ ਦਾ ਇਕ ਜਹਾਜ਼ ਹਾਦਸਾਗ੍ਰਸਤ ਹੋਇਆ ਸੀ, ਜਿਸ ਵਿਚ ਕੁੱਲ 14 ਲੋਕਾਂ ਦੀ ਜਾਨ ਚਲੀ ਗਈ ਸੀ। ਮਿਲੀ ਜਾਣਕਾਰੀ ਅਨੁਸਾਰ ਅੱਜ ਹਵਾਈ ਫੌਜ ਦੇ ਅਧਿਕਾਰੀ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਇਸ ਹਾਦਸੇ ਦੀ ਰਿਪੋਰਟ ਦੇਣ ਜਾ ਰਹੇ ਸਨ।
CDS Bipin Rawat
ਸੂਤਰਾਂ ਨੇ ਦੱਸਿਆ ਕਿ ਜਨਰਲ ਬਿਪਿਨ ਰਾਵਤ ਅਤੇ ਉਹਨਾਂ ਦੀ ਪਤਨੀ ਮਧੁਲਿਕਾ ਰਾਵਤ ਸਮੇਤ 11 ਹੋਰਾਂ ਨੂੰ ਲੈ ਕੇ ਜਾ ਰਿਹਾ ਹਵਾਈ ਸੈਨਾ ਦਾ Mi-17V5 ਹੈਲੀਕਾਪਟਰ ਸੀਐਫਆਈਟੀ ਜਾਂ 'ਕੰਟਰੋਲਡ ਫਲਾਈਟ ਇਨਟੂ ਟੈਰੇਨ' (Controlled Flight Into Terrain) ਵਰਗੇ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। CFIT ਅਜਿਹੇ ਹਾਦਸਿਆਂ ਨੂੰ ਕਿਹਾ ਜਾਂਦਾ ਹੈ ਜਿਸ ਵਿਚ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਵਿਚ ਕੋਈ ਨੁਕਸ ਨਹੀਂ ਹੁੰਦਾ ਅਤੇ ਪਾਇਲਟ ਦਾ ਜਹਾਜ਼ ਉੱਤੇ ਕੰਟਰੋਲ ਹੁੰਦਾ ਹੈ ਪਰ ਅਚਾਨਕ ਕਿਸੇ ਕਾਰਨ ਜਹਾਜ਼ ਕਰੈਸ਼ ਹੋ ਜਾਂਦਾ ਹੈ। ਅਜਿਹੇ ਵਿਚ ਪਾਇਲਟ ਨੂੰ ਅਖੀਰ ਤੱਕ ਖ਼ਤਰੇ ਦਾ ਅਹਿਸਾਸ ਨਹੀਂ ਹੁੰਦਾ।
Gen Rawat's Chopper Crash
ਸੂਤਰਾਂ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਮੌਸਮ ਵੀ ਖਰਾਬ ਸੀ। ਇਸ ਜਹਾਜ਼ ਨੂੰ ਬਹੁਤ ਭਰੋਸੇਮੰਦ ਅਤੇ ਸੁਰੱਖਿਅਤ ਮੰਨਿਆ ਗਿਆ ਹੈ। ਅਜਿਹੇ 'ਚ ਹੁਣ ਤੱਕ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ CFIT ਕਾਰਨ ਹੋਇਆ ਹੋ ਸਕਦਾ ਹੈ। 8 ਦਸੰਬਰ ਨੂੰ ਹੋਏ ਹੈਲੀਕਾਪਟਰ ਹਾਦਸੇ ਦਾ ਤਿੰਨਾਂ ਸੈਨਾਵਾਂ ਦੀ ਟੀਮ ਨੇ ਜਾਂਚ ਦੇ ਹੁਕਮ ਦਿੱਤੇ ਸਨ।
CDS Bipin Rawat
ਪਹਿਲਾਂ ਆਈਆਂ ਖ਼ਬਰਾਂ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਏਅਰ ਮਾਰਸ਼ਲ ਮਾਨਵਿੰਦਰ ਸਿੰਘ ਦੀ ਅਗਵਾਈ ਵਾਲੀ ਜਾਂਚ 'ਚ ਪਤਾ ਲੱਗਾ ਹੈ ਕਿ ਖਰਾਬ ਮੌਸਮ ਕਾਰਨ ਪਾਇਲਟ ਦਾ ਧਿਆਨ ਭਟਕ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਤਕਨੀਕੀ ਆਧਾਰ 'ਤੇ ਅਜਿਹੇ ਹਾਦਸੇ ਉਦੋਂ ਵਾਪਰਦੇ ਹਨ ਜਦੋਂ ਪਾਇਲਟ ਬੇਚੈਨ ਹੋ ਜਾਂਦਾ ਹੈ ਜਾਂ ਸਥਿਤੀ ਦਾ ਸਹੀ ਅੰਦਾਜ਼ਾ ਨਹੀਂ ਲਗਾ ਪਾਉਂਦਾ ਅਤੇ ਹੈਲੀਕਾਪਟਰ ਅਣਜਾਣੇ 'ਚ ਕਿਸੇ ਚੀਜ਼ ਨਾਲ ਟਕਰਾ ਜਾਂਦਾ ਹੈ। ਅਜਿਹੀ ਸਥਿਤੀ ਨੂੰ 'ਕੰਟਰੋਲਡ ਫਲਾਈਟ ਇਨਟੂ ਟੈਰੇਨ' ਕਿਹਾ ਜਾਂਦਾ ਹੈ।