ਸੁਰੱਖਿਆ ’ਚ ਕੋਈ ਕੁਤਾਹੀ ਨਹੀਂ ਸੀ, ਖ਼ਾਲੀ ਕੁਰਸੀਆਂ ਦੇਖ ਰੈਲੀ ਵਿਚ ਨਹੀਂ ਗਏ PM ਮੋਦੀ- ਕਾਂਗਰਸ
ਰਣਦੀਪ ਸਿੰਘ ਸੁਰਜੇਵਾਲਾ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਕੁਤਾਹੀ ਨੂੰ ਲੈ ਕੇ ਭਾਜਪਾ ਮੁਖੀ ਜੇਪੀ ਨੱਡਾ ਵੱਲੋਂ ਕਾਂਗਰਸ 'ਤੇ ਲਾਏ ਗਏ ਦੋਸ਼ਾਂ ਦਾ ਜਵਾਬ ਦਿੱਤਾ ਹੈ।
ਨਵੀਂ ਦਿੱਲੀ: ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਮੌਕੇ ਸੁਰੱਖਿਆ 'ਚ ਕੁਤਾਹੀ ਨੂੰ ਲੈ ਕੇ ਭਾਜਪਾ ਮੁਖੀ ਜੇਪੀ ਨੱਡਾ ਵੱਲੋਂ ਕਾਂਗਰਸ 'ਤੇ ਲਾਏ ਗਏ ਦੋਸ਼ਾਂ ਦਾ ਜਵਾਬ ਦਿੱਤਾ ਹੈ। ਸੁਰਜੇਵਾਲਾ ਨੇ ਆਪਣੇ ਜਵਾਬ 'ਚ ਕਿਹਾ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਨੂੰ ਇਲਜ਼ਾਮ ਲਗਾਉਣ ਦੀ ਬਜਾਏ ਆਪਣੇ 'ਕਿਸਾਨ-ਵਿਰੋਧੀ ਸਟੈਂਡ' 'ਤੇ ਆਤਮ ਚਿੰਤਨ ਕਰਨਾ ਚਾਹੀਦਾ ਹੈ। ਸੁਰੱਖਿਆ ਵਿਚ ਕੋਈ ਕੁਤਾਹੀ ਨਹੀਂ ਸੀ, ਖਾਲੀ ਕੁਰਸੀਆਂ ਦੇਖ ਕੇ ਪ੍ਰਧਾਨ ਮੰਤਰੀ ਰੈਲੀ ਵਿਚ ਨਹੀਂ ਗਏ।
Randeep Surjewala
ਇਸ ਦੇ ਨਾਲ ਹੀ ਉਹਨਾਂ ਦਾਅਵਾ ਕੀਤਾ ਕਿ ਸੜਕ ਜ਼ਰੀਏ ਜਾਣਾ ਪ੍ਰਧਾਨ ਮੰਤਰੀ ਦੇ ਯੋਜਨਾਬੱਧ ਪ੍ਰੋਗਰਾਮ ਦਾ ਹਿੱਸਾ ਨਹੀਂ ਸੀ। ਉਹਨਾਂ ਕਿਹਾ ਕਿ ਭਾਜਪਾ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਦੀ ਰੈਲੀ ਦੀ ਸੁਰੱਖਿਆ ਲਈ 10 ਹਜ਼ਾਰ ਸੁਰੱਖਿਆ ਕਰਮੀਆਂ ਦੀ ਤਾਇਨਾਤੀ ਕੀਤੀ ਗਈ ਸੀ। ਐਸਪੀਜੀ ਅਤੇ ਹੋਰ ਏਜੰਸੀਆਂ ਦੇ ਸਹਿਯੋਗ ਨਾਲ ਸਾਰੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਹਰਿਆਣਾ-ਰਾਜਸਥਾਨ ਦੇ ਭਾਜਪਾ ਵਰਕਰਾਂ ਦੀਆਂ ਸਾਰੀਆਂ ਬੱਸਾਂ ਲਈ ਵੀ ਰੂਟ ਬਣਾਏ ਗਏ ਸਨ।
PM Modi Rally
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੜਕ ਰਾਹੀਂ ਹੁਸੈਨੀਵਾਲਾ ਜਾਣ ਦਾ ਫੈਸਲਾ ਕੀਤਾ। ਇਹ ਪ੍ਰਧਾਨ ਮੰਤਰੀ ਦੇ ਕਾਫਲੇ ਦਾ ਪਹਿਲਾਂ ਤੋਂ ਨਿਰਧਾਰਤ ਰਸਤਾ ਨਹੀਂ ਸੀ। ਸੁਰਜੇਵਾਲਾ ਨੇ ਕਿਹਾ, '' ਨੱਡਾ ਜੀ, ਰੈਲੀ ਰੱਦ ਹੋਣ ਦਾ ਕਾਰਨ ਖਾਲੀ ਕੁਰਸੀਆਂ ਸਨ। ਜੇ ਤੁਸੀਂ ਮੇਰੇ 'ਤੇ ਵਿਸ਼ਵਾਸ ਨਹੀਂ ਕਰਦੇ ਤਾਂ ਇਕ ਨਜ਼ਰ ਮਾਰੋ ਅਤੇ ਹਾਂ ਬੇਤੁਕੀ ਬਿਆਨਬਾਜ਼ੀ ਨਾ ਕਰੋ, ਕਿਸਾਨ ਵਿਰੋਧੀ ਮਾਨਸਿਕਤਾ ਦੀ ਸੱਚਾਈ ਨੂੰ ਸਵੀਕਾਰ ਕਰੋ ਅਤੇ ਆਤਮ ਨਿਰੀਖਣ ਕਰੋ। ਪੰਜਾਬ ਦੇ ਲੋਕਾਂ ਨੇ ਰੈਲੀ ਤੋਂ ਦੂਰੀ ਬਣਾ ਕੇ ਹੰਕਾਰੀ ਸੱਤਾ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ”।