ਧੁੰਦ ਤੇ ਕੋਹਰੇ ਕਾਰਨ ਲੰਮੀ ਦੂਰੀ ਦੀਆਂ 24 ਟ੍ਰੇਨਾਂ ਰੱਦ ਕਰਨ ਦਾ ਹੁਕਮ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੇਲਵੇ ਵਿਭਾਗ ਹਰ ਸਾਲ 15 ਦਸੰਬਰ ਤੋਂ ਲੈ ਕੇ 15 ਫਰਵਰੀ ਤੱਕ ਲੰਮੀ ਦੂਰੀ ਦੀ ਜ਼ਿਆਦਾ ਦੇਰੀ ਤੱਕ ਚਲਣ ਵਾਲੀਆਂ ਰੇਲ ਗੱਡੀਆਂ ਨੂੰ ਰੱਦ ਕਰ ਦਿੰਦਾ ਹੈ।

Train cancelled due to fog

ਹਰਿਆਣਾ  : ਸਰਦੀ ਦੇ ਦਿਨਾਂ ਵਿਚ ਪੈਣ ਵਾਲੀ ਧੁੰਦ ਅਤੇ ਕੋਹਰੇ ਨਾਲ ਲੰਮੀ ਦੂਰੀ ਦੀਆਂ ਰੇਲਗੱਡੀਆਂ ਦੇਰੀ ਨਾਲ ਚਲ ਰਹੀਆਂ ਹਨ। ਜਿਸ ਨੂੰ ਦੇਖਦੇ ਹੋਏ ਰੇਲ ਵਿਭਾਗ ਨੇ ਲੋੜੀਂਦੀਆਂ ਸਾਵਧਾਨੀਆਂ ਵਰਤਦੇ ਹੋਏ ਲੰਮੀ ਦੂਰੀ ਦੀਆਂ 24 ਟ੍ਰੇਨਾਂ ਨੂੰ ਰੱਦ ਕਰਨ ਦਾ ਹੁਕਮ ਜਾਰੀ ਕਰ ਦਿਤਾ ਹੈ। ਇਸ ਵਿਚ ਪੰਜ ਯਾਤਰੀ ਗੱਡੀਆਂ ਵੀ ਸ਼ਾਮਲ ਹਨ। ਯਾਤਰੀਆਂ ਦੀ ਸਹੂਲਤ ਨੂੰ ਦੇਖਦੇ ਹੋਏ ਰੇਲਵੇ ਵਿਭਾਗ ਨੇ ਟਿਕਟ

ਖਿੜਕੀ ਦੇ ਨਾਲ-ਨਾਲ ਬੁਕਿੰਗ ਵੇਲ੍ਹੇ ਇਹ ਜਾਣਕਾਰੀ ਉਪਲਬਧ ਕਰਵਾਉਣ ਦੀ ਜਿੰਮੇਵਾਰੀ ਵੀ ਲਈ ਹੈ। ਅੰਬਾਲਾ ਦੇ ਰੇਲਵੇ ਅਧਿਕਾਰੀ ਦਾ ਕਹਿਣਾ ਹੈ ਕਿ ਭਾਵੇਂ ਟ੍ਰੇਨਾਂ ਵਿਚ ਐਂਟੀ ਫਾਗ ਡਿਵਾਈਸ ਲੱਗੇ ਹਨ ਜੋ ਰੇਲ ਗੱਡੀ ਦੇ ਚਾਲਕ ਨੂੰ ਆਉਣ ਵਾਲੇ ਸਿਗਨਲ ਦੀ ਜਾਣਕਾਰੀ ਦਿੰਦੇ ਹਨ ਪਰ ਬਾਵਜੂਦ ਇਸ ਦੇ ਸੰਘਣਾ ਕੋਹਰਾ ਪੈਣ ਨਾਲ ਰੇਲ ਗੱਡੀ ਦੇ ਚਾਲਕ ਨੂੰ ਦ੍ਰਿਸ਼ਟੀ ਜ਼ੀਰੋ ਹੋਣ 'ਤੇ ਸਾਹਮਣੇ ਕੁਝ ਵੀ ਦਿਖਾਈ ਨਹੀਂ ਦਿੰਦਾ 

ਅਤੇ ਰੇਲ ਹਾਦਸਿਆਂ ਦਾ ਖਤਰਾ ਵੱਧ ਜਾਂਦਾ ਹੈ। ਇਸ ਕਾਰਨ ਰੇਲਵੇ ਵਿਭਾਗ ਹਰ ਸਾਲ 15 ਦਸੰਬਰ ਤੋਂ ਲੈ ਕੇ 15 ਫਰਵਰੀ ਤੱਕ ਲੰਮੀ ਦੂਰੀ ਦੀ ਜ਼ਿਆਦਾ ਦੇਰੀ ਤੱਕ ਚਲਣ ਵਾਲੀਆਂ ਰੇਲ ਗੱਡੀਆਂ ਨੂੰ ਰੱਦ ਕਰ ਦਿੰਦਾ ਹੈ। ਅੰਬਾਲਾ ਦੇ ਸਟੇਸ਼ਨ ਨਿਰਦੇਸ਼ਕ ਬੀਐਸ ਗਿੱਲ ਨੇ ਦੱਸਿਆ ਕਿ ਇਸ ਵਾਰ ਵੀ ਸੰਘਣੇ ਕੋਹਰੇ ਕਾਰਨ ਰੇਲਵੇ ਵਿਭਾਗ ਨੇ ਅੰਬਾਲਾ-ਬਰੌਨੀ ਅਤੇ ਬਰੌਨੀ ਤੋਂ ਅੰਬਾਲਾ ਐਕਸਪ੍ਰੈਸ, ਚੰਡੀਗੜ੍ਹ  ਤੋਂ ਪ੍ਰਯਾਗਰਾਜ ਐਕਸਪ੍ਰੈਸ ਆਉਣ ਅਤੇ ਜਾਣ ਵਾਲੀਆਂ, ਸ਼੍ਰੀ ਗੰਗਾਨਗਰ ਐਕਸਪ੍ਰੈਸ, ਸਹਰਸਾ-ਅੰਮ੍ਰਿਤਸਰ ਐਕਸਪ੍ਰੈਸ, 

ਜੰਮੂ-ਤਵੀ-ਹਾਵੜਾ ਐਕਸਪ੍ਰੈਸ ਅਤੇ ਕੋਲਕੱਤਾ ਜੰਮੂ ਤਵੀ ਐਕਸਪ੍ਰੈਸ ਰੱਦ ਕੀਤੀਆਂ ਗਈਆਂ ਹਨ। ਇਹਨਾਂ ਤੋਂ ਇਲਾਵਾ ਅੰਮ੍ਰਿਤਸਰ-ਜੈਅ ਨਗਰ ਐਕਸਪ੍ਰੈਸ, ਧਨਬਾਦ-ਫਿਰੋਜ਼ਪੁਰ ਐਕਸਪ੍ਰੈਸ, ਅੰਮ੍ਰਿਤਸਰ-ਲਾਲ ਕੁੰਆਂ ਐਕਸਪ੍ਰੈਸ ਆਉਣ ਅਤੇ ਜਾਣ ਵਾਲੀਆਂ, ਅੰਮ੍ਰਿਤਸਰ-ਗੋਰਖਪੁਰ ਐਕਸਪ੍ਰੈਸ ਦੀ ਆਉਣ ਅਤੇ ਜਾਣ ਵਾਲੀਆਂ ਲੰਮੀ ਦੂਰੀ ਦੀਆਂ ਐਕਸਪ੍ਰੈਸ ਟ੍ਰੇਨਾਂ ਨੂੰ ਰੱਦ ਕਰਨ ਦਾ ਹੁਕਮ ਦਿਤਾ ਹੈ।

ਬੀ.ਐਸ.ਗਿੱਲ ਨੇ ਦੱਸਿਆ ਕਿ ਇਸੇ ਤਰ੍ਹਾਂ ਕੁੱਝ ਯਾਤਰੀ ਰੇਲਗੱਡੀਆਂ ਨੂੰ ਵੀ ਧੁੰਦ ਕਾਰਨ ਰੱਦ ਕਰਨ 'ਤੇ ਮਜ਼ਬੂਰ ਹੋਣਾ ਪਿਆ ਹੈ ਜਿਹਨਾਂ ਵਿਚ ਅੰਬਾਲਾ ਨੰਗਲ ਡੈਮ ਪੈਂਸਜਰ, ਨੰਗਲ ਡੈਮ ਤੋਂ ਅੰਬਾਲਾ ਪੈਂਸਜਰ, ਅੰਬਾਲਾ-ਕੁਰੂਕਸ਼ੇਤਰ ਪੈਂਸਜਰ ਸ਼ਾਮਲ ਹਨ। ਠੰਡ ਦੇ ਮੌਸਮ ਕਾਰਨ ਰੋਜਾਨਾ ਪੈਣ ਵਾਲੀ ਸੰਘਣੀ ਧੁੰਦ ਅਤੇ ਕੋਹਰੇ ਕਾਰਨ ਲੰਮੀ ਦੂਰੀ ਦੀਆਂ ਰੇਲਗੱਡੀਆਂ ਸਮੇਤ ਪੈਂਸਜਰ ਗੱਡੀਆਂ ਨੂੰ ਬਹੁਤ ਹੀ ਹੌਲੀ ਚਲਣਾ ਪੈਂਦਾ ਹੈ।