ਯੋਗੀ ਦੀ ਪੁਲਿਸ ਨੇ ਸੀਏਏ ਦਾ ਵਿਰੋਧ ਕਰ ਰਹੀਆਂ ਔਰਤਾਂ ਦੇ ਮਾਰੇ ਪੱਥਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਪੁਲਿਸ ਦਾ ਭਿਆਨਕ ਚਿਹਰਾ ਇਕ ਵਾਰ ਫਿਰ ਉਸ ਸਮੇਂ ਸਾਹਮਣੇ ਆ ਗਿਆ ਜਦੋਂ ਪੁਲਿਸ ਨੇ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੀਆਂ ਔਰਤਾਂ....

File Photo

ਲਖਨਊ : ਉੱਤਰ ਪ੍ਰਦੇਸ਼ ਪੁਲਿਸ ਦਾ ਭਿਆਨਕ ਚਿਹਰਾ ਇਕ ਵਾਰ ਫਿਰ ਉਸ ਸਮੇਂ ਸਾਹਮਣੇ ਆ ਗਿਆ ਜਦੋਂ ਪੁਲਿਸ ਨੇ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੀਆਂ ਔਰਤਾਂ 'ਤੇ ਲਾਠੀਚਾਰਜ ਕਰ ਦਿੱਤਾ ਅਤੇ ਉਨ੍ਹਾਂ 'ਤੇ ਪੱਥਰਬਾਜ਼ੀ ਵੀ ਕਰ ਦਿੱਤੀ। ਇਸ ਦੌਰਾਨ ਕਈ ਔਰਤਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ।

ਇਹ ਘਟਨਾ ਆਜ਼ਮਗੜ੍ਹ ਦੇ ਬਿਲਰਿਆਜਗੰਜ ਥਾਣੇ ਅਧੀਨ ਪੈਂਦੇ ਜ਼ੌਹਰ ਪਾਰਕ ਵਿਖੇ ਵਾਪਰੀ, ਜਿੱਥੇ ਇਹ ਔਰਤਾਂ ਸੀਏਏ ਦੇ ਵਿਰੋਧ ਵਿਚ ਧਰਨਾ ਪ੍ਰਦਰਸ਼ਨ ਕਰ ਰਹੀਆਂ ਸਨ। ਜ਼ਿਕਰਯੋਗ ਐ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ ਭਰ ਵਿਚ ਕਈ ਥਾਵਾਂ 'ਤੇ ਪ੍ਰਦਰਸ਼ਨ ਹੋ ਰਹੇ ਹਨ। ਲਖਨਊ ਦੇ ਘੰਟਾ ਘਰ ਤੋਂ ਲੈ ਕੇ ਆਜ਼ਮਗੜ੍ਹ ਦੇ ਜ਼ੌਹਰ ਪਾਰਕ ਤਕ ਇਸ ਤਰ੍ਹਾਂ ਦੇ ਕਈ ਪ੍ਰਦਰਸ਼ਨ ਹੋ ਰਹੇ ਹਨ।

ਇਹ ਧਰਨਾ ਦਿੱਲੀ ਦੇ ਸ਼ਾਹੀਨ ਬਾਗ ਦੀ ਤਰ੍ਹਾਂ ਹੀ ਸੀ ਜਿੱਥੇ ਕਿ ਭਾਰੀ ਗਿਣਤੀ ਵਿਚ ਲੋਕ ਇੱਕਤਰ ਹੋ ਕੇ ਇਸ ਬਿੱਲ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਸਨ। ਹੌਲੀ-ਹੌਲੀ ਇਸ ਵਿਰੋਧ ਪ੍ਰਦਰਸ਼ਨ ਵਿਚ ਵਿਦਿਆਰਥੀ ਵਰਗ ਵੀ ਸ਼ਾਮਲ ਹੋ ਗਿਆ ਜਿਸ ਨੇ ਸੜਕਾਂ ਨੂੰ ਜਾਮ ਕਰਨਾ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਇਸ ਧਰਨੇ ਦੌਰਾਨ ਹੋਏ ਲਾਠੀਚਾਰਜ ਵਿਚ ਬਹੁਤ ਸਾਰੇ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋਏ। ਤੇ ਇਸ ਘਟਨਾ ਤੋਂ ਬਾਅਦ ਜ਼ੌਹਰ ਪਾਰਕ ਨੂੰ ਵੀ ਪੂਰੀ ਤਰ੍ਹਾਂ ਖਾਲੀ ਕਰਵਾ ਦਿੱਤਾ ਸੀ।

ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਸਾਬਕਾ ਰਾਜਪਾਲ ਅਜ਼ੀਜ਼ ਕੁਰੈਸ਼ੀ ਅਤੇ ਸੱਤ ਹੋਰਾਂ ਖ਼ਿਲਾਫ਼ ਸੀਏਏ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨ ਨੂੰ ਲੈ ਕੇ ਮਾਮਲਾ ਦਰਜ  ਕੀਤਾ ਗਿਆ ਸੀ।ਇਹ ਵਿਰੋਧ ਪ੍ਰਦਰਸ਼ਨ ਗੋਮਤੀ ਨਗਰ ਵਿਚ ਕੀਤਾ ਗਿਆ ਸੀ ਜਿਸ ਵਿਚ ਕੈਂਡਲ ਮਾਰਚ ਕੱਢਿਆ ਗਿਆ ਸੀ। ਇਸ ਪ੍ਰਦਰਸ਼ਨ ਨੂੰ ਲੈ ਕੇ ਪੁਲਿਸ ਨੇ ਸੀਆਰਪੀਸੀ ਦੀ ਧਾਰਾ 144 ਦੀ ਉਲੰਘਣਾ ਕਰਨ ਦਾ ਕੇਸ ਦਰਜ ਕਰ ਦਿੱਤਾ ਸੀ।

ਇਸ ਵਿਚ ਅਜ਼ੀਜ਼ ਕੁਰੈਸ਼ੀ ਤੋਂ ਇਲਾਵਾ ਮਹਿਫੂਜ਼, ਸਲਮਾਨ ਮਨਸੂਰੀ, ਮੁਹੰਮਦ ਵਾਲੀ, ਰੇਹਣੂਮਾ ਖਾਨ, ਪ੍ਰਿਅੰਕਾ ਮਿਸ਼ਰਾ ਅਤੇ ਸੁਨੀਲ ਲੋਧੀ ਸ਼ਾਮਲ ਹਨ। ਗੋਮਤੀ ਨਗਰ ਦੇ ਸਹਾਇਕ ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਡਿਗਡਿਗਾ ਚੌਰਾਹੇ ਤੋਂ ਲੈ ਕੇ ਫ਼ਨ-ਮਾਲ ਤੱਕ ਇਹ ਕੈਂਡਲ ਮਾਰਚ ਕੱਢਿਆ ਜਾ ਰਿਹਾ ਸੀ ਜਿਸ ਵਿਚ 30 ਤੋਂ 40 ਵਿਅਕਤੀ ਇਸ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਸਨ। ਜਦੋਂ ਪੁਲਿਸ ਨੇ ਇਸ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਦਿਖਾਉਣ ਲਈ ਕਿਹਾ ਤਾਂ ਉਹ ਇਸ ਕਾਗ਼ਜੀ ਦਿਖਾਉਣ ਵਿਚ ਅਸਫ਼ਲ ਹੋਏ, ਜਿਸ ਕਰਕੇ ਪ੍ਰਦਰਸ਼ਨਕਾਰੀਆਂ 'ਤੇ ਕੇਸ ਦਰਜ ਕਰ ਦਿੱਤਾ ਗਿਆ।