ਟੋਪੀਆਂ ਪਾ ਕੇ ਟਰੇਨ ’ਤੇ ਪੱਥਰਬਾਜ਼ੀ ਕਰ ਰਹੇ ਭਾਜਪਾ ਵਰਕਰ ਸਮੇਤ ਪੰਜ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਰਸ਼ਿਦਾਬਾਦ ਪੁਲਿਸ ਨੇ ਇਕ ਸਥਾਨਕ ਭਾਜਪਾ ਵਰਕਰ ਅਤੇ ਉਹਨਾਂ ਦੇ ਪੰਜ ਸਾਥੀਆਂ ਨੂੰ ਹਿਰਾਸਤ ਵਿਚ ਲਿਆ ਹੈ।

File Photo

ਕੋਲਕਾਤਾ: ਮੁਰਸ਼ਿਦਾਬਾਦ ਪੁਲਿਸ ਨੇ ਇਕ ਸਥਾਨਕ ਭਾਜਪਾ ਵਰਕਰ ਅਤੇ ਉਹਨਾਂ ਦੇ ਪੰਜ ਸਾਥੀਆਂ ਨੂੰ ਹਿਰਾਸਤ ਵਿਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਵਰਕਰ ਅਤੇ ਉਹਨਾਂ ਦੇ ਸਾਥੀ ਟੋਪੀਆਂ ਪਾ ਕੇ ਟਰੇਨ ‘ਤੇ ਪੱਥਰ ਸੁੱਟ ਰਹੇ ਸੀ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਉਹਨਾਂ ਨੂੰ ਕਥਿਤ ਤੌਰ ‘ਤੇ ਟਰੇਨ ‘ਤੇ ਪੱਥਰ ਸੁੱਟਦੇ ਹੋਏ ਫੜਿਆ ਸੀ।

ਮੁਰਸ਼ਿਦਾਬਾਦ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਪਿੰਡ ਦੇ ਲੋਕਾਂ ਨੇ ਰੇਲਵੇ ਲਾਈਨ ‘ਤੇ ਜਾ ਰਹੇ ਇਕ ਟ੍ਰਾਇਲ ਇੰਜਣ ‘ਤੇ ਛੇ ਲੜਕਿਆਂ ਨੂੰ ਪੱਥਰ ਸੁੱਟਦੇ ਦੇਖਿਆ ਅਤੇ ਇਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉਹਨਾਂ ਨੇ ਦੱਸਿਆ ਕਿ ਇਹਨਾਂ ਛੇ ਲੋਕਾਂ ਵਿਚ ਇਕ ਸਥਾਨਕ ਭਾਜਪਾ ਵਰਕਰ ਅਭਿਸ਼ੇਕ ਸਰਕਾਰ ਵੀ ਸ਼ਾਮਲ ਹਨ।

ਮੁਰਸ਼ਿਦਾਬਾਦ ਦੇ ਜ਼ਿਲ੍ਹਾ ਪੁਲਿਸ ਪੁਲਿਸ ਮੁਕੇਸ਼ ਨੇ ਦੱਸਿਆ, ‘ਇਹਨਾਂ ਲੜਕਿਆਂ ਨੇ ਦਾਅਵਾ ਕੀਤਾ ਕਿ ਉਹ ਅਪਣੇ ਯੂਟਿਊਬ ਚੈਨਲ ਲਈ ਬਣਾਈ ਜਾ ਰਹੇ ਵੀਡੀਓ ਲਈ ਟੋਪੀ ਪਹਿਨ ਕੇ ਸ਼ੂਟਿੰਗ ਕਰ ਰਹੇ ਸੀ ਪਰ ਅਜਿਹਾ ਕੋਈ ਯੂਟਿਊਬ ਚੈਨਲ ਹੈ ਉਹ ਇਹ ਸਾਬਿਤ ਨਹੀਂ ਕਰ ਸਕੇ’। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਭਿਸ਼ੇਕ ਭਾਜਪਾ ਦੀਆਂ ਸਾਰੀਆਂ ਸਥਾਨਕ ਰੈਲੀਆਂ ਵਿਚ ਅੱਗੇ ਰਹਿੰਦਾ ਹੈ।

ਸੂਤਰਾਂ ਅਨੁਸਾਰ ਇਸ ਸਮੂਹ ਵਿਚ ਇਕ ਸੱਤਵਾਂ ਮੈਂਬਰ ਵੀ ਸੀ ਜੋ ਉੱਥੋਂ ਭੱਜ ਗਿਆ ਸੀ। ਸਥਾਨਕ ਭਾਜਪਾ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਅਭਿਸ਼ੇਕ ਪਾਰਟੀ ਦਾ ਮੈਂਬਰ ਹੈ ਪਰ ਭਾਜਪਾ ਜ਼ਿਲ੍ਹਾ ਪ੍ਰਧਾਨ ਗੌਰੀਸ਼ੰਕਰ ਘੋਸ਼ ਦਾ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ। ਉਹਨਾਂ ਕਿਹਾ ਕਿ, ‘ਉਹ ਸਾਡੀ ਪਾਰਟੀ ਦਾ ਮੈਂਬਰ ਨਹੀਂ ਹੈ।

ਵੀਰਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬਿਨਾਂ ਕਿਸੇ ਘਟਨਾ ਦਾ ਜ਼ਿਕਰ ਕੀਤੇ ਕਿਹਾ ਕਿ ਭਾਜਪਾ ਅਪਣੇ ਵਰਕਰਾਂ ਲਈ ਟੋਪੀਆਂ ਖਰੀਦ ਰਹੀ ਹੈ, ਜਿਸ ਨੂੰ ਪਾ ਕੇ ਉਹ ਹਿੰਸਾ ਫੈਲਾਅ ਰਹੇ ਹਨ ਅਤੇ ਇਲਜ਼ਾਮ ਕਿਸੇ ਹੋਰ ਭਾਈਚਾਰੇ ‘ਤੇ ਆ ਜਾਵੇ। ਉਹਨਾਂ ਨੇ ਕਿਹਾ ਸੀ, ‘ਭਾਜਪਾ ਦੇ ਜਾਲ ਵਿਚ ਨਾ ਫਸਿਓ, ਉਹ ਇਸ ਨੂੰ ਪੂਰੀ ਤਰ੍ਹਾਂ ਹਿੰਦੂ-ਮੁਸਲਿਮ ਦੀ ਲੜਾਈ ਵਿਚ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ ਜਦਕਿ ਅਜਿਹਾ ਕੁਝ ਨਹੀਂ ਹੈ...ਸਾਨੂੰ ਇਹ ਸੂਚਨਾ ਮਿਲੀ ਹੈ ਕਿ ਭਾਜਪਾ ਅਪਣੇ ਵਰਕਰਾਂ ਲਈ ਟੋਪੀਆਂ ਖਰੀਦ ਰਹੀ ਹੈ।

ਉਹ...ਇਕ ਭਾਈਚਾਰੇ ਨੂੰ ਬਦਨਾਮ ਕਰਨ ਲਈ ਅਜਿਹਾ ਕਰ ਰਹੇ ਹਨ’। ਦੱਸ ਦਈਏ ਕਿ ਦੇਸ਼ ਭਰ ਵਿਚ ਨਾਗਰਿਕਤ ਸੋਧ ਕਾਨੂੰਨ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ। ਬੀਤੇ ਹਫਤੇ ਝਾਰਖੰਡ ਵਿਚ ਹੋਈ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਸੀ ਕਿ ਇਹ ਜੋ ਅੱਗ ਲਗਾ ਰਹੇ ਹਨ, ਇਹ ਕੌਣ ਹਨ ਉਹਨਾਂ ਦੇ ਕੱਪੜਿਆਂ ਤੋਂ ਹੀ ਪਤਾ ਚੱਲ ਜਾਂਦਾ ਹੈ।