ਦੁਨੀਆਂ ਦੇ 20 ਸਭ ਤੋਂ ਪ੍ਰਦੂਸ਼ਤ ਸ਼ਹਿਰਾਂ ਵਿਚੋਂ 15 ਭਾਰਤ ਦੇ : ਰੀਪੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ : ਦੁਨੀਆਂ ਦੇ 20 ਸੱਭ ਤੋਂ ਪ੍ਰਦੂਸ਼ਤ ਸ਼ਹਿਰਾਂ ਵਿਚੋਂ 15 ਭਾਰਤ ਦੇ ਹਨ ਅਤੇ ਗੁਰੂਗ੍ਰਾਮ, ਗਾਜ਼ਿਆਬਾਦ, ਫ਼ਰੀਦਾਬਾਦ, ਨੋਇਡਾ ਤੇ ਭਿਵਾਨੀ ਨੂੰ ਛੇ ਸਿਖ਼ਰਲੇ...

India pollution
(ਪੀਟੀਆਈ)

ਨਵੀਂ ਦਿੱਲੀ : ਦੁਨੀਆਂ ਦੇ 20 ਸੱਭ ਤੋਂ ਪ੍ਰਦੂਸ਼ਤ ਸ਼ਹਿਰਾਂ ਵਿਚੋਂ 15 ਭਾਰਤ ਦੇ ਹਨ ਅਤੇ ਗੁਰੂਗ੍ਰਾਮ, ਗਾਜ਼ਿਆਬਾਦ, ਫ਼ਰੀਦਾਬਾਦ, ਨੋਇਡਾ ਤੇ ਭਿਵਾਨੀ ਨੂੰ ਛੇ ਸਿਖ਼ਰਲੇ ਪ੍ਰਦੂਸ਼ਤ ਸ਼ਹਿਰਾਂ ਵਿਚ ਸ਼ਾਮਲ ਕੀਤਾ ਗਿਆ ਹੈ। ਇਕ ਤਾਜ਼ਾ ਰਿਪੋਰਟ ਵਿਚ ਕਿਹਾ ਗਿਆ ਕਿ ਕੌਮੀ ਰਾਜਧਾਨੀ ਖੇਤਰ ਵਿਚ ਪਿਛਲੇ ਸਾਲ ਦੁਨੀਆਂ ਦੇ ਸੱਭ ਤੋਂ ਪ੍ਰਦੂਸ਼ਤ ਇਲਾਕੇ ਵਜੋਂ ਉਭਰਿਆ।
ਗਰੀਨ ਪੀਸ ਸਾਊਥ-ਈਸਟ ਏਸ਼ੀਆ ਦੇ ਸਹਿਯੋਗ ਨਾਲ ਤਿਆਰ ਰਿਪੋਰਟ ਕਹਿੰਦੀ ਹੈ ਕਿ 20 ਸਿਖ਼ਰਲੇ ਪ੍ਰਦੂਸ਼ਤ ਸ਼ਹਿਰਾਂ ਵਿਚੋਂ 18 ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਿਚ ਹਨ। ਕਿਸੇ ਵੇਲੇ ਦੁਨੀਆਂ ਦਾ ਸੱਭ ਤੋਂ ਪ੍ਰਦੂਸ਼ਤ ਸ਼ਹਿਰਾਂ ਵਿਚ ਸ਼ਾਮਲ ਚੀਨ ਦੀ ਰਾਜਧਾਨੀ ਬੀਜਿੰਗ ਪਿਛਲੇ ਸਾਲ ਸੂਚੀ ਵਿਚ 122ਵੇਂ ਸਥਾਨ 'ਤੇ ਚਲੀ ਗਈ। ਤਿੰਨ ਹਜ਼ਾਰ ਤੋਂ ਵੱਧ ਸ਼ਹਿਰਾਂ ਵਿਚ ਪ੍ਰਦੂਸ਼ਣ ਕਣਾਂ ਨੂੰ ਦਰਸਾਉਣ ਵਾਲੇ ਇੰਡੈਕਸ ਵਿਚ ਹਵਾ ਪ੍ਰਦੂਸ਼ਣ ਨੂੰ ਦੁਨੀਆਂ ਲਈ ਵੱਡਾ ਖ਼ਤਰਾ ਦਸਿਆ ਗਿਆ ਹੈ ਜਿਸ ਨਾਲ ਹਰ ਸਾਲ 70 ਲੱਖ ਲੋਕ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਰਿਪੋਰਟ ਕਹਿੰਦੀ ਹੈ ਕਿ ਉਦਯੋਗਾਂ, ਘਰਾਂ, ਕਾਰਾਂ ਅਤੇ ਟਰੱਕਾਂ ਤੋਂ ਪ੍ਰਦੂਸ਼ਣ ਫੈਲਾਉਣ ਵਾਲੇ ਤੱਤ ਨਿਕਲਦੇ ਹਨ ਅਤੇ ਮਨੁੱਖੀ ਸਿਹਤ 'ਤੇ ਸੱਭ ਤੋਂ ਵੱਧ ਅਸਰ ਪਾਉਂਦੇ ਹਨ। 
ਵਾਤਾਵਰਣ ਕਾਰਕੁਨਾਂ ਨੇ ਰੀਪੋਰਟ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਹਵਾ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਿਆਸੀ ਬਿਆਨਾਂ ਦੀ ਬਜਾਏ ਸਰਕਾਰੀ ਯੋਜਨਾਵਾਂ ਵਲ ਵਧੇਰੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਗਰੀਨ ਪੀਸ ਇੰਡੀਆ ਨਾਲ ਸਬੰਧਤ ਕਾਰਕੁਨ ਪੂਜਾਰਿਨੀ ਸੇਨ ਨੇ ਕਿਹਾ ਕਿ ਰਿਪੋਰਟ ਸਾਨੂੰ ਸੁਚੇਤ ਕਰ ਰਹੀ ਹੈ ਕਿ ਪ੍ਰਦੂਸ਼ਣ ਪੈਦਾ ਕਰਨ ਵਾਲੇ ਤੱਤਾਂ ਨੂੰ ਘਟਾਉਣ ਲਈ ਸੁਹਿਰਦ ਯਤਨ ਕੀਤੇ ਜਾਣ ਦੀ ਸਖ਼ਤ ਜ਼ਰੂਰਤ ਹੈ।
(ਪੀਟੀਆਈ)