ਕੋਰੋਨਾ ਵਾਇਰਸ ਨੇ 30 ਕਰੋੜ ਵਿਦਿਆਰਥੀਆਂ ਨੂੰ ਕੀਤਾ ਸਕੂਲਾਂ ਤੋਂ ਦੂਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਨਲੇਵਾ ਕੋਰੋਨਾ ਵਾਇਰਸ ਹੁਣ ਤੱਕ 80 ਦੇਸ਼ਾਂ ਨੂੰ ਅਪਣੀ ਚਪੇਟ ਵਿਚ ਲੈ ਚੁੱਕਾ ਹੈ।

Photo

ਨਵੀਂ ਦਿੱਲੀ: ਜਾਨਲੇਵਾ ਕੋਰੋਨਾ ਵਾਇਰਸ ਹੁਣ ਤੱਕ 80 ਦੇਸ਼ਾਂ ਨੂੰ ਅਪਣੀ ਚਪੇਟ ਵਿਚ ਲੈ ਚੁੱਕਾ ਹੈ। ਇਕ ਅਨੁਮਾਨ ਅਨੁਸਾਰ ਕੋਰੋਨਾ ਵਾਇਰਸ ਕਾਰਨ ਲਗਭਗ 300 ਮਿਲੀਅਨ ਯਾਨੀ 30 ਕਰੋੜ ਵਿਦਿਆਰਥੀਆਂ ਨੂੰ ਸਕੂਲ ਤੋਂ ਦੂਰ ਰਹਿਣਾ ਪੈ ਰਿਹਾ ਹੈ। ਕੋਰੋਨਾ ਵਾਇਰਸ ਫੈਲਣ ਕਾਰਨ ਕਈ ਦੇਸ਼ਾਂ ਵਿਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ।

ਭਾਰਤ ਦੀ ਰਾਜਧਾਨੀ ਦਿੱਲੀ ਨਾਲ ਲੱਗਦੇ ਨੋਇਡਾ ਵਿਚ ਵੀ ਕੋਰੋਨਾ ਵਾਇਰਸ ਕਾਰਨ 3 ਸਕੂਲ ਬੰਦ ਕਰ ਦਿੱਤੇ ਗਏ ਹਨ। ਕੋਰੋਨਾ ਵਾਇਰਸ ਨਾਲ ਹੁਣ ਤੱਕ 95 ਹਜ਼ਾਰ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। ਦੁਨੀਆ ਭਰ ਵਿਚ ਇਸ ਜਾਨਲੇਵਾ ਵਾਇਰਸ ਕਾਰਨ 3200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ ਇਹ ਕੁੱਲ 80 ਦੇਸ਼ਾਂ ਵਿਚ ਪਹੁੰਚ ਗਿਆ ਹੈ।

ਦੱਸ ਦਈਏ ਕਿ ਵਿਸ਼ਵਵਿਆਪੀ ਮੌਤਾਂ ਦਾ ਜ਼ਿਆਦਾਤਰ ਹਿੱਸਾ ਚੀਨ ਵਿਚ ਹੈ, ਜਿੱਥੋਂ ਦੇ ਸ਼ਹਿਰ ਵੂਹਾਨ ਤੋਂ ਇਹ ਹੋਰ ਦੇਸ਼ਾਂ ਵਿਚ ਫੈਲਿਆ ਹੈ। ਇੱਥੇ ਕਈ ਸ਼ਹਿਰਾਂ ਨੂੰ ਹੋਰ ਸ਼ਹਿਰਾਂ ਤੋਂ ਵੱਖ ਕਰ ਦਿੱਤਾ ਹੈ। ਕਈ ਸ਼ਹਿਰਾਂ ਵਿਚ ਕਾਰਖਾਨਿਆਂ ਅਤੇ ਸਕੂਲਾਂ ਨੂੰ ਅਨਿਸ਼ਚਿਤ ਸਮੇਂ ਲਈ ਬੰਦ ਕਰ ਦਿੱਤਾ ਹੈ। ਬੁੱਧਵਾਰ ਨੂੰ ਯੂਨੈਸਕੋ ਨੇ ਕਿਹਾ ਕਿ 13 ਦੇਸ਼ਾਂ ਨੇ ਸਕੂਲ ਬੰਦ ਕਰ ਦਿੱਤੇ ਹਨ, ਜਿਸ ਨਾਲ 290.5 ਮਿਲੀਅਨ ਬੱਚੇ ਪ੍ਰਭਾਵਿਤ ਹੋਏ ਹਨ।

ਅਜਿਹੀ ਮੁਸ਼ਕਲ ਘੜੀ ਦੌਰਾਨ ਅਸਥਾਈ ਸਕੂਲ ਬੰਦ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਯੂਨੈਸਕੋ ਡਾਇਰੈਕਟਰ ਜਨਰਲ ਨੇ ਕਿਹਾ, ‘ਮੌਜੂਦਾ ਵਿਦਿਅਕ ਰੁਕਾਵਟ ਦਾ ਪੱਧਰ ਅਤੇ ਰਫ਼ਤਾਰ ਬਹੁਤ ਜ਼ਿਆਦਾ ਹੈ ਅਤੇ ਇਹ ਲੰਬੇ ਸਮੇਂ ਲਈ ਕਾਇਮ ਰਹਿ ਸਕਦੀ ਹੈ’।

ਦੱਸ ਦਈਏ ਕਿ ਇਟਲੀ ਵਿਚ ਹਾਲੇ ਤੱਕ 107 ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਉੱਥੇ ਹੀ 3000 ਤੋਂ ਜ਼ਿਆਦਾ ਲੋਕ ਇਸ ਜਾਨਲੇਵਾ ਵਾਇਰਸ ਨਾਲ ਪ੍ਰਭਾਵਿਤ ਹੋ ਚੁੱਕੇ ਹਨ। ਇੱਥੇ ਬੁੱਧਵਾਰ ਨੂੰ ਸਕੂਲਾਂ ਅਤੇ ਕਾਲਜਾਂ ਨੂੰ 15 ਮਾਰਚ ਤੱਕ ਬੰਦ ਕਰਨ ਦਾ ਆਦੇਸ਼ ਦਿੱਤਾ ਹੈ।