ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਐਲਾਨ, ਕਿਸਾਨਾਂ ਵੱਲੋਂ ਭਲਕੇ 5 ਘੰਟੇ ਲਈ KMP ਕੀਤਾ ਜਾਵੇਗਾ ਜਾਮ
ਕਿਸਾਨਾਂ ਨੂੰ ਘਰਾਂ 'ਤੇ ਕਾਲੇ ਝੰਡੇ ਲਾਉਣ ਅਤੇ ਘਰੋਂ ਬਾਹਰ ਮੋਢੇ 'ਤੇ ਕਾਲੀਆਂ ਪੱਟੀਆਂ ਬੰਨ ਕੇ ਜਾਣ ਦੀ ਅਪੀਲ
ਨਵੀਂ ਦਿੱਲੀ : ਦਿੱਲੀ ਦੇ ਬਾਰਡਰਾਂ 'ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ 100 ਦਿਨ ਦਾ ਸਮਾਂ ਹੋ ਗਿਆ ਹੈ। ਸਰਕਾਰ ਦਾ ਕਿਸਾਨੀ ਮੰਗਾਂ ਵੱਲ ਧਿਆਨ ਦਿਵਾਉਣ ਲਈ ਕਿਸਾਨ ਜਥੇਬੰਦੀਆਂ ਨੇ ਭਲਕੇ KMP ਨੂੰ ਜਾਮ ਕਰਨ ਦਾ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਅਤੇ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਭਲਕੇ 11 ਤੋਂ 4 ਵਜੇ ਤਕ kmp ਜਾਮ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸਮੂਹ ਦੇਸ਼ ਵਾਸੀਆਂ ਨੂੰ ਭਲਕੇ ਆਪਣੇ ਘਰਾਂ 'ਤੇ ਕਾਲੇ ਝੰਡੇ ਲਾਉਣ ਅਤੇ ਘਰੋਂ ਬਾਹਰ ਜਾਣ 'ਤੇ ਮੋਢੇ 'ਤੇ ਕਾਲੀ ਪੱਟੀ ਬੰਨ੍ਹ ਕੇ ਜਾਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ KMP ਤੇ ਜਾਣ ਵੇਲੇ ਉਥੇ ਕੋਈ ਪੰਡਾਲ ਬਗੈਰਾ ਨਹੀਂ ਲਾਇਆ ਜਾਵੇਗਾ ਅਤੇ ਕਿਸਾਨਾਂ ਵੱਲੋਂ ਧੁੱਪੇ ਬਹਿ ਕੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾਵੇਗਾ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕੇਂਦਰ ਸਰਕਾਰ ਨੂੰ ਰਸਤੇ ਕਦੇ ਖੋਲ੍ਹਣ ਅਤੇ ਕਦੇ ਬੰਦ ਕਰਨ ਤੋਂ ਇਲਾਵਾ ਸਥਾਨਕ ਪੰਪ ਮਾਲਕਾਂ ਅਤੇ ਆਮ ਲੋਕਾਂ ਨੂੰ ਤੰਗ ਨਾਲ ਕਰਨ ਸਬੰਧੀ ਚਿਤਾਵਨੀ ਦਿੰਦਿਆਂ ਕਿਹਾ ਕਿ ਡੈਮੋਕ੍ਰੇਸੀ ਵਿਚ ਲੋਕਾਂ ਨੂੰ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੁੰਦਾ ਹੈ। ਅਸੀਂ 99 ਦਿਨਾਂ ਤੋਂ ਲਗਾਤਾਰ ਸ਼ਾਂਤਮਈ ਪ੍ਰਦਰਸ਼ਨ ਕਰਦੇ ਆ ਰਹੇ ਹਨ। ਹੁਣ ਸਰਕਾਰ ਸਥਾਨਕ ਲੋਕਾਂ ਨੂੰ ਕਿਸਾਨਾਂ ਖਿਲਾਫ ਭੜਕਾਉਣ ਦੀ ਸਾਜ਼ਸ਼ ਰਚ ਰਹੀ ਹੈ ਜੋ ਕਾਮਯਾਬ ਨਹੀਂ ਹੋਵੇਗੀ।
ਹਾਊਸ ਆਫ ਕਾਮਨ ਵਿਚ ਕਿਸਾਨਾਂ ਦਾ ਮੁੱਦਾ ਉਭਾਰਨ ਲਈ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅੰਦੋਲਨਕਾਰੀ ਕਿਸਾਨਾਂ ਨੂੰ ਤੰਗ ਕਰਨ ਲਈ ਸੜਕਾਂ ਪੁਟੀਆਂ ਜਾ ਰਹੀਆਂ ਹਨ। ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਸਰਕਾਰ ਵੱਲੋਂ ਕੋਈ ਵੀ ਸਹੂਲਤ ਮੁਹੱਈਆ ਨਹੀਂ ਕਰਵਾਈ ਜਾ ਰਹੀ। ਇਸ ਅਣਮਨੁੱਖੀ ਵਰਤਾਰੇ ਖਿਲਾਫ ਵਿਦੇਸ਼ਾਂ ਰਹਿੰਦੇ ਦੇਸ਼ ਵਾਸੀਆਂ ਵੱਲੋਂ ਆਵਾਜ਼ ਉਠਾਈ ਜਾ ਰਹੀ ਹੈ ਜੋ ਸ਼ਲਾਘਾਯੋਗ ਹੈ। ਕੈਨੇਡਾ ਵਿਚ ਕਿਸਾਨੀ ਮੁੱਦੇ ਨੂੰ ਉਭਾਰਨ ਵਾਲਿਆਂ ਭਾਰਤੀ ਲੋਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਆਸਟ੍ਰੇਲੀਆ ਵਿਚ ਵੀ ਕਿਸਾਨੀ ਮੁੱਦੇ ਨੂੰ ਉਭਾਰਨ ਦੀਆਂ ਖਬਰਾਂ ਆ ਰਹੀਆਂ ਹਨ, ਜਿਸ ਲਈ ਅਸੀਂ ਭਾਰਤੀ ਲੋਕਾਂ ਦੇ ਧੰਨਵਾਦੀ ਹਾਂ।
ਉਨ੍ਹਾਂ ਕਿਹਾ ਕਿ ਇਸ ਅੰਦੋਲਨ 'ਤੇ ਸਾਰੀ ਦੁਨੀਆਂ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ KMP 'ਤੇ ਟਰੈਕਟਰ ਥੋੜੀ ਗਿਣਤੀ ਵਿਚ ਹੀ ਲਿਜਾਏ ਜਾਣਗੇ ਅਤੇ ਇਹ ਜਾਮ ਲੋਕਾਂ ਨਾਲ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਇਕ ਜਾਮ ਟਿੱਕਰੀ ਸਮੇਤ ਸਾਰੀਆਂ ਥਾਵਾਂ ਜਿੱਥੇ-ਜਿੱਥੇ ਵੀ ਕਿਸਾਨ ਬੈਠੇ ਹਨ, ਉਥੇ ਉਥੇ 5 ਘੰਟਿਆਂ ਲਈ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ ਵਿਚ ਮਤਾ ਲਿਆਉਣ ਸਬੰਧੀ ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ, ਪਰ ਇਹ ਦੇਰੀ ਨਾਲ ਚੁਕਿਆ ਗਿਆ ਕਦਮ ਹੈ, ਕਿਉਂਕਿ ਜਦੋਂ ਕੁੱਝ ਕਰਨ ਦਾ ਵੇਲਾ ਸੀ, ਉਸ ਵਕਤ ਸਿਆਸੀ ਧਿਰਾਂ ਨੇ ਕੁੱਝ ਨਹੀਂ ਕੀਤਾ। ਇਸ ਲਈ ਕਿਸਾਨਾਂ ਦਾ ਅਜੇ ਤਕ ਕਿਸੇ ਵੀ ਪਾਰਟੀ 'ਤੇ ਵਿਸ਼ਵਾਸ਼ ਨਹੀਂ ਬਣ ਸਕਿਆ। ਪਰ ਜੇਕਰ ਉਨ੍ਹਾਂ ਨੇ ਮਤਾ ਪਾਸ ਕੀਤਾ ਹੈ, ਤਾਂ ਚੰਗੀ ਗੱਲ ਹੈ, ਜਿਸ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ।
ਕਾਂਗਰਸੀ ਐਮ. ਪੀ. ਰਵਨੀਤ ਬਿੱਟੂ ਵੱਲੋਂ ਕਿਸਾਨ ਆਗੂਆਂ 'ਤੇ ਸਿਆਸੀ ਆਗੂਆਂ ਨਾਲ ਸਾਝ ਭਿਆਲੀ ਦੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਜਿਹੜੇ ਸਮਾਗਮ ਦੀ ਗੱਲ ਰਵਨੀਤ ਬਿੱਟੂ ਕਰ ਰਿਹਾ ਹੈ, ਉਹ ਸਾਡੀ ਜਥੇਬੰਦੀ ਦੇ ਜਨਰਲ ਸੈਕਟਰੀ ਦੀ ਮਾਤਾ ਜੀ ਦੇ ਭੋਗ ਦੇ ਸਮਾਗਮ ਸੀ, ਜਿਸ ਵਿਚ ਸ਼ਾਮਲ ਹੋਣ ਲਈ ਅਸੀਂ ਗਏ ਸਾਂ। ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਮਹਿੰਦਰ ਸਿੰਘ ਕੇ.ਪੀ. ਵੀ ਪਹੁੰਚੇ ਹੋਏ ਸਨ। ਉੱਥੇ ਹੀ ਅਸੀਂ ਪਰਵਾਰ ਦੇ ਕਹਿਣ 'ਤੇ ਚਾਹ ਪੀਤੀ ਅਤੇ ਪਕੌੜੇ ਖਾਧੇ ਸੀ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਦੀ ਸਮਝ ਦਾ ਦੀਵਾਲਾ ਨਿਕਲ ਚੁੱਕਾ ਹੈ ਜੋ ਅਜਿਹੇ ਸਮਾਗਮਾਂ ਵਿਚ ਸ਼ਾਮਲ ਹੋਣ 'ਤੇ ਅਜਿਹੀਆਂ ਗੱਲਾਂ ਕਰ ਰਿਹਾ ਹੈ।