ਬਲਬੀਰ ਰਾਜੇਵਾਲ ਨੇ ਹਕੂਮਤ ਨੂੰ ਕਿਹਾ ਜ਼ਾਲਮ ਤੇ 'ਡਰਪੋਕ' ਕਿਸਾਨਾਂ ਤੋਂ ਕਿਉਂ ਡਰ ਰਿਹਾ 'ਬਾਦਸ਼ਾਹ'…

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਪਾਰਲੀਮੈਂਟ ਵਰਗੀ ਥਾਂ ‘ਤੇ ਗਲ਼ਤ ਸ਼ਬਦਾਵਲੀ ਵਰਤਣਾ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ

Balbir Singh Rajewal

ਨਵੀਂ ਦਿੱਲੀ : ਕਈ ਦਿਨਾਂ ਬਾਅਦ ਅੱਜ ਕਿਸਾਨ ਅੰਦੋਲਨ ਦੀ ਸਟੇਜ ਤੋਂ ਮੁਖਾਤਿਬ ਹੁੰਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਭਾਵੇਂ ਕਿਸਾਨਾਂ ਦਾ ਅੰਦੋਲਨ ਅੱਜ ਵੀ ਇਕ ਖਿੱਤੇ ਦਾ ਹੀ ਜਾਪ ਰਿਹਾ ਹੈ ਪਰ ਅੰਦਰੋਂ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹ ਅੰਦੋਲਨ ਪੂਰੇ ਦੇਸ਼ ਵਿਚ ਫੈਲ ਚੁੱਕਾ ਹੈ। ਬੀਤੇ ਦਿਨੀਂ ਕੀਤੇ ਚੱਕਾ ਜਾਮ ਦੌਰਾਨ ਦੇਸ਼ ਦੇ 21 ਸੂਬਿਆਂ ਅੰਦਰ 3 ਹਜ਼ਾਰ ਤੋਂ ਵਧੇਰੇ ਥਾਵਾਂ ‘ਤੇ ਰਿਹਾ ਹੈ ਜੋ ਕਿਸਾਨੀ ਅੰਦੋਲਨ ਦੇ ਦੇਸ਼ ਵਿਆਪੀ ਹੋਣ ਦੀ ਗਵਾਹੀ ਭਰਦਾ ਹੈ।

ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਬਾਹਰੋਂ ਇਸ ਤਰ੍ਹਾਂ ਵਿਖਾ ਰਹੀ ਹੈ ਕਿ ਉਸ ਨੂੰ ਕੋਈ ਪ੍ਰਵਾਹ ਨਹੀਂ ਹੈ, ਪਰ ਅੰਦਰੋਂ ਪੂਰੀ ਤਰ੍ਹਾਂ ਡਰੀ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਕਲਾਜ ਵਾਇਜ ਕਲਾਜ ਗੱਲਬਾਤ ਕਰ ਕੇ ਕਾਨੂੰਨਾਂ ਨੂੰ ਗਲਤ ਸਾਬਤ ਕਰ ਚੁੱਕੇ ਹਾਂ। ਹੁਣ ਸਰਕਾਰ ਕਾਨੂੰਨਾਂ ਵਿਚ ਸੋਧਾਂ ਦੀ ਦੁਹਾਈ ਪਾ ਰਹੀ ਹੈ ਪਰ ਜਿਹੜੇ ਕਾਨੂੰਨ ਵਿਚ ਬਣਦੇ ਸਾਰ ਹੀ 10 ਗਲਤੀਆਂ ਨਿਕਲ ਆਉਣ ਉਹ ਸਹੀ ਕਿਸ ਤਰ੍ਹਾਂ ਹੋ ਸਕਦੈ।

ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਅਸੂਲਾਂ ਤੋਂ ਉਖੜ ਚੁੱਕੀ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਆਪਣੇ ਅਹੁਦੇ ਦੇ ਇਖਲਾਕ ਨੂੰ ਭੁੱਲ ਚੁੱਕਾ ਹੈ। ਪ੍ਰਧਾਨ ਮੰਤਰੀ ਵਲੋਂ ਲੋਕ ਸਭਾ ਵਿਚ ਦਿਤੇ ਭਾਸ਼ਨ ‘ਤੇ ਪ੍ਰਤੀਕਰਮ ਦਿੰਦਿਆਂ ਕਿਸਾਨ  ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਕਿਸਾਨ ਆਗੂਆਂ ਬਾਰੇ ਬੋਲੇ ਗਏ ਸ਼ਬਦ ਅਤਿ ਨਿੰਦਣਯੋਗ ਹਨ।

ਪ੍ਰਧਾਨ ਮੰਤਰੀ ਵਲੋਂ ਕਹੇ ਸ਼ਬਦ ਦੇ ਮਾਇਨਿਆ ਮੁਤਾਬਕ ਸਾਨੂੰ ਗੰਦ ਦੇ ਕੀੜੇ ਕਿਹਾ ਗਿਆ ਹੈ। ਪ੍ਰਧਾਨ ਮੰਤਰੀ ਅੰਦੋਲਨ ਕਰਨ ਨੂੰ ਸਾਡਾ ਪੇਸ਼ਾ ਦੱਸਿਆ ਹੈ। ਦੇਸ਼ ਦੀ ਪਾਰਲੀਮੈਂਟ ਵਿਚ ਇਕ ਪਾਸੇ ਕਿਸਾਨ ਨੂੰ ਅੰਨਦਾਤਾ ਕਿਹਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਗੰਦ ਦੇ ਕੀੜੇ ਨਾਲ ਤੁਲਨਾ ਕੀਤੀ ਜਾ ਰਹੀ ਹੈ। ਪਾਰਲੀਮੈਂਟ ਵਰਗੀ ਪਵਿੱਤਰ ਥਾਂ ‘ਤੇ ਗ਼ਲਤ ਸ਼ਬਦਾਂਵਲੀ ਵਰਤਣਾ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ।

https://www.facebook.com/RozanaSpokesmanOfficial/videos/240766984358886