ਮੈਂ 'ਮੋਦੀ ਦੀ ਫ਼ੌਜ' ਕਹਿਣ ਵਾਲਿਆਂ ਨੂੰ ਦੇਸ਼ ਧ੍ਰੋਹੀ ਨਹੀਂ ਕਿਹਾ : ਜਨਰਲ ਵੀ.ਕੇ. ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ - ਮੀਡੀਆ ਨੇ ਮੇਰੇ ਅਤੇ ਯੋਗੀ ਦੇ ਬਿਆਨਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ

VK Singh

ਨਵੀਂ ਦਿੱਲੀ : ਕੇਂਦਰੀ ਮੰਤਰੀ ਜਨਰਲ ਵੀ.ਕੇ. ਸਿੰਘ ਨੇ ਇਕ ਵਿਦੇਸ਼ੀ ਮੀਡੀਆ ਚੈਨਲ 'ਤੇ ਆਪਣੇ ਦਿੱਤੇ ਬਿਆਨ ਨੂੰ ਲੈ ਕੇ 'ਕਟ-ਪੇਸਟ' ਦਾ ਦੋਸ਼ ਲਗਾਇਆ ਹੈ। ਵੀ.ਕੇ. ਸਿੰਘ ਨੇ ਕਿਹਾ ਕਿ ਸਬੰਧਤ ਰਿਪੋਰਟਰ ਨੇ 'ਕਟ-ਪੇਸਟ' ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਟਵੀਟਰ 'ਤੇ ਸਵਾਲ ਖੜਾ ਕੀਤਾ ਕਿ ਅਜਿਹਾ ਕਰਨ ਲਈ ਮੀਡੀਆ ਹਾਊਸ ਨੂੰ ਕਿੰਨਾ ਪੈਸਾ ਮਿਲਿਆ? ਮੀਡੀਆ ਚੈਨਲ ਦੀ ਰਿਪੋਰਟ ਮੁਤਾਬਕ ਵੀ.ਕੇ. ਸਿੰਘ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਜੇ ਕੋਈ ਭਾਰਤੀ ਫ਼ੌਜ ਨੂੰ 'ਮੋਦੀ ਦੀ ਫ਼ੌਜ' ਕਹਿੰਦਾ ਹੈ ਤਾਂ ਉਹ ਦੇਸ਼ ਧ੍ਰੋਹੀ ਹੈ।

ਇਸ ਬਿਆਨ 'ਤੇ ਵੀ.ਕੇ. ਸਿੰਘ ਨੇ ਕਿਹਾ, "ਮੈਂ ਜੋ ਕਹਿਣਾ ਸੀ, ਕਹਿ ਚੁੱਕਾ ਹਾਂ। ਹੁਣ ਉਸ ਨੂੰ ਹੋਰ ਤੋੜ-ਮਰੋੜ ਕੇ ਪੇਸ਼ ਨਾ ਕਰੋ। ਮੈਂ 'ਮੋਦੀ ਦੀ ਫ਼ੌਜ' ਕਹਿਣ ਵਾਲਿਆਂ ਨੂੰ ਦੇਸ਼ ਧ੍ਰੋਹੀ ਨਹੀਂ ਕਿਹਾ ਸੀ। ਮੁੱਖ ਮੰਤਰੀ ਯੋਗੀ ਨੇ ਜੋ ਕਿਹਾ ਤੁਸੀ ਉਨ੍ਹਾਂ ਦੇ ਬਿਆਨ ਨੂੰ ਵੀ ਤੋੜ ਮਰੋੜ ਕੇ ਪੇਸ਼ ਕੀਤਾ।"

ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਗਾਜਿਆਬਾਦ 'ਚ ਇਕ ਚੋਣ ਰੈਲੀ ਦੌਰਾਨ ਵਿਰੋਧੀ ਧਿਰ ’ਤੇ ਵਰ੍ਹਦਿਆਂ ਕਿਹਾ ਸੀ, "ਜੋ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਲਈ ‘ਅਸੰਭਵ’ ਸੀ, ਉਹ ਭਾਜਪਾ ਸ਼ਾਸਨ ਦੌਰਾਨ ਸੰਭਵ ਕਰ ਦਿਖਾਇਆ। ਮੋਦੀ ਹੈ ਤਾਂ ਹਰ ਗੱਲ ਮੁਮਕਿਨ ਹੈ। ਕਾਂਗਰਸ ਦੇ ਲੋਕ ਅਤਿਵਾਦੀਆਂ ਨੂੰ ਬਿਰਯਾਨੀ ਖਵਾਉਂਦੇ ਸਨ ਅਤੇ ਮੋਦੀ ਜੀ ਦੀ ਸੈਨਾ ਅਤਿਵਾਦੀਆਂ ਨੂੰ ਗੋਲੀ ਜਾਂ ਗੋਲਾ ਦਿੰਦੀ ਹੈ। ਕਾਂਗਰਸ ਦੇ ਲੋਕ ਮਸੂਦ ਅਜ਼ਹਰ ਦੇ ਨਾਮ ਨਾਲ ‘ਜੀ’ ਵਰਤ ਕੇ ਅਤਿਵਾਦ ਨੂੰ ਉਤਸ਼ਾਹਿਤ ਕਰਦੇ ਹਨ। ਦੋਵੇਂ ਪਾਰਟੀਆਂ ’ਚ ਇਹੋ ਫ਼ਰਕ ਹੈ।"