ਅਜ਼ਾਦੀ ਮਗਰੋਂ ਅਯੋਧਿਆ ਦੇ ਇਸ ਪਿੰਡ ਵਾਸੀਆਂ ਨੇ ਕਦੀ ਨਹੀਂ ਪਾਈ ਵੋਟ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

17ਵੀਆਂ ਲੋਕ ਸਭਾ ਚੋਣਾਂ ਦੇ ਬਾਵਜੂਦ ਵੀ ਇਕ ਅਜਿਹਾ ਪਿੰਡ ਹੈ ਜਿੱਥੋਂ ਦੇ 100 ਤੋਂ ਜ਼ਿਆਦਾ ਵੋਟਰਾਂ ਨੇ ਕਦੀ ਵੋਟ ਨਹੀਂ ਪਾਈ।

Vote

ਅਯੋਧਿਆ: ਇਹ ਗੱਲ ਸ਼ਾਇਦ ਤੁਹਾਨੂੰ ਹਜ਼ਮ ਨਾ ਹੋਵੇ ਪਰ ਇਹ ਸੱਚ ਹੈ ਕਿ 17ਵੀਆਂ ਲੋਕ ਸਭਾ ਚੋਣਾਂ ਦੇ ਬਾਵਜੂਦ ਵੀ ਇਕ ਅਜਿਹਾ ਪਿੰਡ ਹੈ ਜਿੱਥੋਂ ਦੇ 100 ਤੋਂ ਜ਼ਿਆਦਾ ਵੋਟਰਾਂ ਨੇ ਕਦੀ ਵੋਟ ਨਹੀਂ ਪਾਈ। ਇਹ ਪਿੰਡ ਬਾਬਰੀ ਮਸਜਿਦ ਵਿਵਾਦਾਂ ਦੇ ਕਾਰਨ ਚਰਚਾ ਵਿਚ ਰਹਿਣ ਵਾਲੇ ਉਤਰ ਪ੍ਰਦੇਸ਼ ਦੇ ਅਯੋਧਿਆ ਜ਼ਿਲ੍ਹੇ ਦੀ ਫੈਜ਼ਾਬਾਦ ਲੋਕ ਸਭਾ ਸੀਟ ਵਿਚ ਸਥਿਤ ਹੈ। ਇਸ ਪਿੰਡ ਦਾ ਪੂਰਾ ਨਾਂਅ ਪੂਰੇ ਬੋਧ ਤਿਵਾੜੀ ਹੈ। ਇਸ ਪਿੰਡ ਵਿਚ 110 ਵੋਟਰ ਹਨ ਅਤੇ ਉਹ ਦੱਸਦੇ ਹਨ ਕਿ ਉਹਨਾਂ ਲਈ ਅਜ਼ਾਦੀ ਤੋਂ ਬਾਅਦ ਹੁਣ ਤੱਕ ਹੋਈਆਂ ਕਿਸੇ ਵੀ ਚੋਣਾਂ ਵਿਚ ਵੋਟ ਪਾਉਣ ਲਈ ਪੋਲਿੰਗ ਬੂਥ ਜਾਣਾ ਸੰਭਵ ਨਹੀਂ ਹੋ ਸਕਿਆ।

ਉਂਝ ਤਾਂ ਇਸ ਦੀ ਕੋਈ ਵਜ੍ਹਾ ਨਹੀਂ ਹੈ ਪਰ ਜੋ ਵਜ੍ਹਾ ਹੈ ਉਸ ਨੂੰ ਦੂਰ ਕਰਨ ਲਈ ਨਾ ਤਾਂ ਕਦੀ ਚੋਣਾਂ ਕਰਵਾਉਣ ਵਾਲੀ ਚੁਣਾਵੀ ਮਸ਼ਿਨਰੀ ਨੇ ਦਿਲਚਸਪੀ ਲਈ ਅਤੇ ਨਾ ਹੀ ਹਿੰਦੂ ਮੁਸਲਿਮ ਦਾ ਰਾਗ ਅਲਾਪਣ ਵਾਲੇ ਅਤੇ ਇਕ ਇਕ ਵੋਟ ਖਿੱਚਣ ਲਈ ਜਾਨ ਲਗਾਉਣ ਵਾਲੇ ਉਮੀਦਵਾਰਾਂ ਨੇ ਇਸ ਵੱਲ ਧਿਆਨ ਦਿੱਤਾ। ਇਸ ਸਿਲਸਿਲੇ ਵਿਚ ਪਿੰਡ ਵਾਸੀਆਂ ਵੱਲੋਂ ਵਾਰ ਵਾਰ ਅਵਾਜ਼ ਉਠਾਉਣ ਦੇ ਬਾਵਜੂਦ ਵੀ ਉਹਨਾਂ ਦੀਆਂ ਕਈ ਪੀੜੀਆਂ ਵੋਟਿੰਗ ਦਾ ਸੁੱਖ ਲਏ ਬਿਨਾਂ ਹੀ ਸੰਸਾਰ ਨੂੰ ਅਲਵਿਦਾ ਕਹਿ ਗਈਆਂ।

ਪਿੰਡ ਵਾਸੀਆਂ ਨੇ ਦੱਸਿਆ ਕਿ ਇਸਦੇ ਪਿੱਛੇ ਵੱਡਾ ਕਾਰਨ ਉਹਨਾਂ ਨੂੰ ਅਜ਼ਾਦੀ ਤੋਂ ਪਹਿਲਾਂ ਵਿਰਾਸਤ ਵਿਚ ਮਿਲੀ ਜ਼ਮੀਨ ਦਾ ਵਿਵਾਦ ਹੈ। ਉਹਨਾਂ ਅਨੁਸਾਰ ਅੰਗਰੇਜ਼ਾਂ ਦੇ ਸਮੇ ਉਹਨਾਂ ਦੇ ਪੁਰਵਜ਼ਾਂ ਦੀ 300 ਵਿਘੇ ਜ਼ਮੀਨ ਕੁਝ ਜ਼ਮੀਦਾਰਾਂ ਵੱਲੋਂ ਹਥਿਆ ਲਈ ਗਈ ਸੀ। ਇਸ ਲਈ ਉਹਨਾਂ ਵੱਲੋਂ ਕੀਤੀਆ ਗਈਆਂ ਅਪੀਲਾਂ ਅਤੇ ਦਲੀਲਾਂ ਵੀ ਬੇਕਾਰ ਗਈਆਂ। ਉਸ ਤੋਂ ਬਾਅਦ ਉਹ ਭੁੱਖ ਹੜਤਾਲ ‘ਤੇ ਵੀ ਬੈਠੇ ਪਰ ਉਹਨਾਂ ਨੇ ਜ਼ਮੀਨ ਵਾਪਿਸ ਨਾ ਕੀਤੀ। ਉਸ ਸਮੇਂ ਹੜਤਾਲ ਕਾਰਨ ਪਿੰਡ ਦੇ ਮੁਖੀ ਦੀ ਮੌਤ ਹੋ ਗਈ ਤਾਂ ਮਰਨ ਤੋਂ ਪਹਿਲਾਂ ਉਹਨਾਂ ਨੇ ਸਹੁੰ ਖਾਧੀ ਸੀ ਕਿ ਭਵਿੱਖ ਵਿਚ ਪਿੰਡ ਵਾਸੀ ਇਹਨਾਂ ਜ਼ਮੀਦਾਰਾਂ ਨਾਲ ਕੋਈ ਮੇਲ ਨਹੀਂ ਰੱਖਣਗੇ।

ਉਸ ਸਮੇਂ ਤੋਂ ਲੈ ਕੇ ਅਜ਼ਾਦੀ ਤੋਂ ਬਾਅਦ ਤੱਕ ਵੀ ਉਹਨਾਂ ਨੇ ਇਹ ਸਹੁੰ ਨਹੀਂ ਤੋੜੀ। ਉਹਨਾਂ ਨੇ ਅਜ਼ਾਦੀ ਤੋਂ ਬਾਅਦ ਕਿਸੇ ਵੀ ਚੋਣ ‘ਚ ਹਿੱਸਾ ਨਹੀਂ ਲਿਆ ਕਿਉਂਕਿ ਉਹਨਾਂ ਦਾ ਵੋਟਿੰਗ ਕੇਂਦਰ ਉਸੇ ਪਿੰਡ ਹੈ ਜਿੱਥੋਂ ਦੇ ਉਹ ਜ਼ਮੀਦਾਰ ਸਨ। ਵਧ ਰਹੀ ਲੋਕਤੰਤਰ ਚੇਤਨਾ ਨੇ ਇਸ ਪਿੰਡ ਦੀ ਨੌਜਵਾਨ ਪੀੜੀ ਵਿਚ ਵੀ ਵੋਟ ਪਾਉਣ ਦੀ ਲਲਕ ਪੈਦਾ ਕਰ ਦਿੱਤੀ ਹੈ ਪਰ ਹੁਣ ਤੱਕ ਇਸ ਦੀ ਸੁਣਵਾਈ ਨਹੀਂ ਕੀਤੀ ਗਈ।

ਉਹਨਾਂ ਨੇ ਕਈ ਵਾਰ ਅਪਣੇ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਵੋਟਿੰਗ ਕੇਂਦਰ ਬਦਲਣ ਲ਼ਈ ਪੱਤਰ ਵੀ ਲਿਖੇ ਪਰ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਪਿੰਡ ਵਾਸੀਆਂ ਨੇ ਕਿਹਾ ਇਕ ਪਾਸੇ ਤਾਂ ਵੋਟਰਾਂ ਲਈ ਜਾਗਰੂਕਤਾ ਰੈਲੀਆਂ ਕੱਢੀਆਂ ਜਾ ਰਹੀਆਂ ਹਨ ਅਤੇ ਦੂਜੇ ਪਾਸੇ ਉਹਨਾਂ ਨਾਲ ਅਜਿਹਾ ਵਰਤਾਅ ਕੀਤਾ ਜਾ ਰਿਹਾ ਹੈ।