ਸੁਨੰਦਾ ਖ਼ੁਦਕੁਸ਼ੀ ਕਾਂਡ ਥਰੂਰ ਵਿਰੁਧ ਚੱਲੇਗਾ ਮੁਕੱਦਮਾ
ਸੁਨੰਦਾ ਪੁਸ਼ਕਰ ਖ਼ੁਦਕੁਸ਼ੀ ਕਾਂਡ ਮਾਮਲੇ ਵਿਚ ਉਸ ਦੇ ਪਤੀ ਅਤੇ ਸਾਬਕਾ ਕਾਂਗਰਸੀ ਮੰਤਰੀ ਸ਼ਸ਼ੀ ਥਰੂਰ ਨੂੰ ਮੁਲਜ਼ਮ ਦੇ ਤੌਰ 'ਤੇ ਅਦਾਲਤੀ ਕਾਰਵਾਈ ਦਾ ਸਾਹਮਣਾ ....
ਨਵੀਂ ਦਿੱਲੀ, 5 ਜੂਨ : ਸੁਨੰਦਾ ਪੁਸ਼ਕਰ ਖ਼ੁਦਕੁਸ਼ੀ ਕਾਂਡ ਮਾਮਲੇ ਵਿਚ ਉਸ ਦੇ ਪਤੀ ਅਤੇ ਸਾਬਕਾ ਕਾਂਗਰਸੀ ਮੰਤਰੀ ਸ਼ਸ਼ੀ ਥਰੂਰ ਨੂੰ ਮੁਲਜ਼ਮ ਦੇ ਤੌਰ 'ਤੇ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਥਰੂਰ ਵਿਰੁਧ ਆਤਮ ਹਤਿਆ ਲਈ ਉਕਸਾਉਣ ਅਤੇ ਵਿਆਹੁਤਾ ਜੀਵਨ ਵਿਚ ਕਰੂਰਤਾ ਨਾਲ ਪੇਸ਼ ਆਉਣ ਦਾ ਦੋਸ਼ ਹੈ। ਸਥਾਨਕ ਅਦਾਲਤ ਨੇ ਉਸ ਨੂੰ ਮੁਲਜ਼ਮ ਵਜੋਂ ਤਲਬ ਕੀਤਾ ਹੈ।
ਦਿੱਲੀ ਪੁਲਿਸ ਦੀ ਚਾਰਜਸ਼ੀਟ ਬਾਰੇ ਅਦਾਲਤ ਨੇ ਕਿਹਾ ਕਿ ਸ਼ਸ਼ੀ ਥਰੂਰ ਵਿਰੁਧ ਇਨ੍ਹਾਂ ਧਾਰਾਵਾਂ ਵਿਚ ਕੇਸ ਚਲਾਉਣ ਲਈ ਲੋੜੀਂਦੇ ਸਬੂਤ ਹਨ। ਇਸ ਮਾਮਲੇ ਵਿਚ ਸੁਬਰਮਨੀਅਮ ਸਵਾਮੀ ਨੇ ਅਦਾਲਤ ਵਿਚ ਦੋ ਅਰਜ਼ੀਆਂ ਦਿਤੀਆਂ ਹਨ। ਪਹਿਲੀ ਵਿਚ ਉਨ੍ਹਾਂ ਕਿਹਾ ਕਿ ਇਸ ਕੇਸ ਵਿਚ ਦਿੱਲੀ ਪੁਲਿਸ ਨੇ ਜੋ ਵਿਜੀਲੈਂਸ ਜਾਂਚ ਕਰਵਾਈ ਸੀ, ਉਸ ਦੀ ਰੀਪੋਰਟ ਅਦਾਲਤ ਵਿਚ ਪੇਸ਼ ਕੀਤੀ ਜਾਵੇ ਕਿਉਂਕਿ ਅਫ਼ਸਰਾਂ ਨੇ ਸਬੂਤਾਂ ਨਾਲ ਛੇੜਛਾੜ ਕੀਤੀ ਹੈ।
ਦੂਜੀ ਅਰਜ਼ੀ ਵਿਚ ਉਨ੍ਹਾਂ ਕਿਹਾ ਕਿ ਇਹ ਮਾਮਲਾ ਹਤਿਆ ਦਾ ਹੈ, ਇਸ ਲਈ ਹਤਿਆ ਤਹਿਤ ਕੇਸ ਚੱਲੇ। ਹੁਣ ਇਨ੍ਹਾਂ ਦੋਹਾਂ ਅਰਜ਼ੀਆਂ 'ਤੇ ਅਦਾਲਤ ਨੇ ਨੋਟਿਸ ਜਾਰੀ ਕੀਤਾ ਹੈ। ਇਸ 'ਤੇ ਵੀ ਅਦਾਲਤ 7 ਜੁਲਾਈ ਨੂੰ ਸੁਣਵਾਈ ਕਰੇਗੀ। 7 ਜੁਲਾਈ ਨੂੰ ਬਤੌਰ ਮੁਲਜ਼ਮ ਅਦਾਲਤ ਵਿਚ ਪੇਸ਼ ਹੋਣਾ ਹੋਵੇਗਾ। ਅਦਾਲਤ ਨੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੂੰ ਸੰਮਨ ਜਾਰੀ ਕਰ ਕੇ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਹੈ।
ਉਧਰ, ਸ਼ਸ਼ੀ ਥਰੂਰ ਨੇ ਕਿਹਾ ਕਿ ਉਸ ਵਿਰੁਧ ਲਾਏ ਗਏ ਦੋਸ਼ ਬੇਬੁਨਿਆਦ ਹਨ ਅਤੇ ਇਹ ਬਦਲਾ ਲੈਣ ਦੀ ਕਾਰਵਾਈ ਹੈ। ਸੁਨੰਦਾ ਪੁਸ਼ਕਰ ਦੀ ਮੌਤ ਦੇ ਚਾਰ ਸਾਲ ਮਗਰੋਂ 14 ਮਈ ਨੂੰ ਦਿੱਲੀ ਪੁਲਿਸ ਦੀ ਐਸਆਈਟੀ ਨੇ ਪਟਿਆਲਾ ਹਾਊਸ ਕੋਰਟ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਵਕੀਲ ਨੇ ਅਦਾਲਤ ਵਿਚ ਕਿਹਾ ਕਿ ਸੁਨੰਦਾ ਦੇ ਵਿਆਹ ਨੂੰ 3 ਸਾਲ 3 ਮਹੀਨੇ ਹੋਏ ਸਨ ਅਤੇ ਦੋਹਾਂ ਦਾ ਇਹ ਤੀਜਾ ਵਿਆਹ ਸੀ। ਦੋਹਾਂ ਵਿਚਕਾਰ ਝਗੜਾ ਆਮ ਸੀ, ਏਅਰਪੋਰਟ 'ਤੇ ਵੀ ਉਨ੍ਹਾਂ ਵਿਚਕਾਰ ਝਗੜਾ ਹੋਇਆ ਸੀ। ਝਗੜੇ ਦੀਆਂ ਗੱਲਾਂ ਸੁਨੰਦਾ ਨੇ ਕਈ ਦੋਸਤਾਂ ਨੂੰ ਵੀ ਦਸੀਆਂ ਸਨ।