ਸੱਭ ਤੋਂ ਵੱਧ ਟ੍ਰੈਫ਼ਿਕ ਵਾਲੇ ਦੁਨੀਆਂ ਦੇ 403 ਸ਼ਹਿਰਾਂ 'ਚੋਂ ਮੁੰਬਈ ਪਹਿਲੇ ਨੰਬਰ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕੇਸ਼ਨ ਟੈਕਨੋਲਾਜੀ ਕੰਪਨੀ ਟਾਮਟਾਮ ਨੇ ਤਿਆਰ ਕੀਤੀ ਰਿਪੋਰਟ ; ਸੂਚੀ 'ਚ ਦਿੱਲੀ ਚੌਥੇ ਨੰਬਰ 'ਤੇ

Mumbai tops list of worst traffic flow in the world, Delhi at fourth spot

ਨਵੀਂ ਦਿੱਲੀ : 56 ਦੇਸ਼ਾਂ ਦੇ 403 ਸ਼ਹਿਰਾਂ ਦੀ ਟ੍ਰੈਫ਼ਿਕ ਅਤੇ ਭੀੜ-ਭੜੱਕੇ 'ਤੇ ਤਿਆਰ ਕੀਤੀ ਗਈ ਰਿਪੋਰਟ 'ਚ ਮੁੰਬਈ ਦੁਨੀਆ 'ਚ ਸੱਭ ਤੋਂ ਵੱਧ ਟ੍ਰੈਫ਼ਿਕ ਦਬਾਅ ਝੱਲਣ ਵਾਲਾ ਸ਼ਹਿਰ ਸਾਬਤ ਹੋਇਆ ਹੈ। ਇਹ ਰਿਪੋਰਟ ਲੋਕੇਸ਼ਨ ਟੈਕਨੋਲਾਜੀ ਕੰਪਨੀ ਟਾਮਟਾਮ ਨੇ ਤਿਆਰ ਕੀਤੀ ਹੈ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਪੀਕ ਆਵਰਜ਼ 'ਚ ਮੁੰਬਈ ਵਾਸੀਆਂ ਨੂੰ ਆਪਣੀ ਮੰਜ਼ਲ ਤਕ ਪਹੁੰਚਣ ਲਈ 65 ਫ਼ੀਸਦੀ ਤੋਂ ਵੱਧ ਸਮਾਂ ਲੱਗਦਾ ਹੈ। ਇਸੇ ਸੂਚੀ 'ਚ 58 ਫ਼ੀਸਦੀ ਨਾਲ ਦਿੱਲੀ ਚੌਥੇ ਨੰਬਰ 'ਤੇ ਹੈ। ਲੋਕੇਸ਼ਨ ਟੈਕਨੋਲਾਜੀ 'ਤੇ ਕੰਮ ਕਰਨ ਵਾਲੀ ਕੰਪਨੀ ਟਾਮਟਾਮ ਐਪਲ ਅਤੇ ਉਬਰ ਲਈ ਨਕਸ਼ੇ ਤਿਆਰ ਕਰਦੀ ਹੈ। ਟ੍ਰੈਫ਼ਿਕ ਦੇ ਮਾਮਲੇ 'ਚ ਕੋਲੰਬੀਆ ਦੀ ਰਾਜਧਾਨੀ ਬੋਗੋਟਾ 63 ਫ਼ੀਸਦੀ ਨਾਲ ਦੂਜੇ, ਪੇਰੂ ਦੀ ਰਾਜਧਾਨੀ ਲੀਮਾ 58 ਫ਼ੀਸਦੀ ਨਾਲ ਤੀਜੇ ਅਤੇ ਰੂਸ ਦੀ ਰਾਜਧਾਨੀ ਮਾਸਕੋ 56 ਫ਼ੀਸਦੀ ਨਾਲ ਪੰਜਵੇਂ ਨੰਬਰ 'ਤੇ ਹੈ।

ਇਹ ਰਿਪੋਰਟ ਜ਼ਿਆਦਾ ਟ੍ਰੈਫ਼ਿਕ ਦੌਰਾਨ ਲੋਕਾਂ ਨੂੰ ਉਨ੍ਹਾਂ ਦੀ ਮੰਜ਼ਿਲ ਤਕ ਪਹੁੰਚਣ 'ਚ ਲੱਗੇ ਵਾਧੂ ਸਮੇਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਮੁੰਬਈ 'ਚ ਔਸਤਨ ਪ੍ਰਤੀ ਕਿਲੋਮੀਟਰ 500 ਕਾਰਾਂ ਚਲਦੀਆਂ ਹਨ। ਇਹ ਗਿਣਤੀ ਦਿੱਲੀ ਨਾਲੋਂ ਬਹੁਤ ਜ਼ਿਆਦਾ ਹੈ। ਮੁੰਬਈ 'ਚ ਸ਼ਾਮ 5 ਤੋਂ ਰਾਤ 8 ਵਜੇ ਤਕ ਸੱਭ ਤੋਂ ਵੱਧ ਟ੍ਰੈਫ਼ਿਕ ਹੁੰਦੀ ਹੈ।

ਜੇ ਮੁੰਬਈ 'ਚ ਆਰਾਮਦਾਇਕ ਸਫ਼ਰ ਕਰਨਾ ਹੈ ਤਾਂ ਸਭ ਤੋਂ ਵਧੀਆ ਸਮਾਂ ਰਾਤ 2 ਤੋਂ ਤੜਕੇ 5 ਵਜੇ ਵਿਚਕਾਰ ਹੈ। ਇਸ ਦੌਰਾਨ ਮੁੰਬਈ ਦੀ ਰਫ਼ਤਾਰ ਹੌਲੀ ਰਹਿੰਦੀ ਹੈ। ਸਵੇਰੇ 8 ਤੋਂ 10 ਵਜੇ ਵਿਚਕਾਰ ਲੋਕਾਂ ਨੂੰ ਆਪਣੀ ਮੰਜ਼ਲ ਤਕ ਪਹੁੰਚਣ ਲਈ 80 ਫ਼ੀਸਦੀ ਵਾਧੂ ਸਮਾਂ ਲੱਗਦਾ ਹੈ। ਸ਼ਾਮ 5 ਤੋਂ 8 ਵਜੇ ਵਿਚਕਾਰ ਇਹ ਵਾਧੂ ਸਮਾਂ ਵੱਧ ਕੇ 102 ਫ਼ੀਸਦੀ ਤਕ ਪਹੁੰਚ ਜਾਂਦਾ ਹੈ।