ਕੈਨੇਡਾ ਦੇ ਦਿਹਾਤੀ ਖੇਤਰਾਂ ‘ਚ ਅਪਰਾਧ ਦਰ ਜ਼ਿਆਦਾ : ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਟੈਟਿਸਟਿਕ ਕੈਨੇਡਾ ਤੋਂ ਜਾਰੀ ਹੋਈ ਨਵੀਂ ਰਿਪੋਰਟ ਮੁਤਾਬਿਕ ਦਿਹਾਤੀ ਅਲਬਰਟਾ ਵਿੱਚ ਸ਼ਹਿਰੀ ਇਲਾਕਿਆਂ...

Rural Alberta

ਕੈਲਗਰੀ: ਸਟੈਟਿਸਟਿਕ ਕੈਨੇਡਾ ਤੋਂ ਜਾਰੀ ਹੋਈ ਨਵੀਂ ਰਿਪੋਰਟ ਮੁਤਾਬਿਕ ਦਿਹਾਤੀ ਅਲਬਰਟਾ ਵਿੱਚ ਸ਼ਹਿਰੀ ਇਲਾਕਿਆਂ ਦੇ ਮੁਕਾਬਲੇ ਅਪਰਾਧ ਦੀ ਦਰ ਜ਼ਿਆਦਾ ਪਾਈ ਗਈ ਹੈ। ਰਿਪੋਰਟ ਮੁਤਾਬਿਕ ਦਿਹਾਤੀ ਅਲਬਰਟਾ 'ਚ ਅਪਰਾਧ ਦੀ ਦਰ 34 ਫ਼ੀਸਦੀ ਜ਼ਿਆਦਾ ਹੈ। 2017 ਵਿੱਚ ਪੁਲਿਸ ਵਲੋਂ ਦਰਜ ਕੀਤੇ ਅਪਰਾਧਿਕ ਕੇਸਾਂ ਅਨੁਸਾਰ ਅਲਬਰਟਾ ਦੇ ਦਿਹਾਤੀ ਹਿੱਸਿਆਂ 'ਚ ਅਪਰਾਧ ਦਰ 10,964 ਜਦ ਕਿ ਅਲਬਰਟਾ ਦੇ ਸ਼ਹਿਰੀ ਇਲਾਕਿਆਂ 'ਚ ਇਹ ਦਰ 7920 ਦਰਜ ਕੀਤੀ ਗਈ ਹੈ।

ਰਿਪੋਰਟ ਵਿੱਚ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਦਿਹਾਤੀ ਇਲਾਕਿਆਂ 'ਚ ਜ਼ਿਆਦਾ ਅਪਰਾਧ ਪ੍ਰੇਰੀ (ਮੈਦਾਨੀ ਜਾਂ ਘਾਹ ਵਾਲੇ) ਸੂਬਿਆਂ ਵਿੱਚ ਪਾਇਆ ਗਿਆ ਹੈ। 2017 ਵਿੱਚ ਪ੍ਰੇਰੀ ਸੂਬਿਆਂ ਦੇ ਦਿਹਾਤੀ ਇਲਾਕਿਆਂ ਵਿੱਚ ਅਪਰਾਧ ਸ਼ਹਿਰਾਂ ਦੇ ਮੁਕਾਬਲੇ 30 ਤੋਂ 42 ਫ਼ੀਸਦੀ ਤੱਕ ਪਾਇਆ ਗਿਆ ਹੈ। ਕੌਮੀ ਪੱਧਰ 'ਤੇ ਸ਼ਹਿਰੀ ਪੁਲਿਸ ਸਰਵਿਸਾਂ ਵਲੋਂ ਦਰਜ ਕੀਤੇ ਅਪਰਾਧਕ ਕੇਸਾਂ ਨਾਲੋਂ ਦਿਹਾਤੀ ਇਲਾਕਿਆਂ 'ਚ ਅਪਰਾਧ ਦਰ 23 ਫ਼ੀਸਦੀ ਜ਼ਿਆਦਾ ਹੈ। ਰਿਪੋਰਟ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਬਾਕੀ ਸੂਬਿਆਂ ਨੂੰ ਛੱਡ ਕੇ ਇੱਕਲੇ ਅਲਬਰਟਾ ਵਿੱਚ ਪੇਂਡੂ ਅਪਰਾਧ ਜ਼ਿਆਦਾ ਪ੍ਰਚਲਿਤ ਹੈ।

ਸੂਬਿਆਂ ਦੇ ਦੱਖਣੀ ਹਿੱਸਿਆਂ ਦੇ ਮੁਕਾਬਲੇ ਉਤਰੀ ਹਿੱਸਿਆਂ ਵਿੱਚ ਸਥਿਤ ਪੇਂਡੂ ਇਲਾਕਿਆਂ ਖ਼ਾਸ ਕਰ ਕੇ ਸਸਕੈਚੇਵਾਨ ਵਿੱਚ ਅਪਰਾਧ ਦਰ ਤਿੰਨ ਗੁਣਾ ਜ਼ਿਆਦਾ ਪਾਇਆ ਗਿਆ ਸੀ। ਅਲਬਰਟਾ ਨੂੰ ਛੱਡ ਕੇ ਬਾਕੀ ਸਾਰੇ ਪ੍ਰਾਂਤਾਂ ਵਿੱਚ ਇਹੀ ਸਥਿਤੀ ਵੇਖਣ ਨੂੰ ਮਿਲੀ। ਸਿਰਫ਼ ਅਲਬਰਟਾ ਇੱਕ ਅਜਿਹਾ ਸੂਬਾ ਪਾਇਆ ਗਿਆ ਜਿਸ ਦੇ ਦੱਖਣੀ ਹਿੱਸਿਆਂ ਵਿੱਚ ਪੇਂਡੂ ਅਪਰਾਧ ਦਰ ਜ਼ਿਆਦਾ ਸੀ। ਟੈਰੇਟਰੀਜ਼ ਨੂੰ ਇਸ ਸਰਵੇਖਣ ਤੋਂ ਦੂਰ ਰੱਖਿਆ ਗਿਆ ਹੈ। ਜ਼ਿਆਦਾਤਰ ਅਪਰਾਧ ਸਰੀਰਕ ਹਮਲੇ, ਸ਼ਰਾਰਤ ਕਰਨੀ, ਕਿਸੇ ਨੂੰ ਨੁਕਸਾਨ ਪਹੁੰਚਾਉਣਾ ਅਤੇ ਸ਼ਾਂਤੀ ਭੰਗ ਕਰਨਾ ਆਦਿ ਦਰਜ ਕੀਤੇ ਗਏ ਹਨ।

ਰਿਸਰਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਪਿਛਲੇ 10 ਸਾਲਾਂ ਦੇ ਮੁਕਾਬਲੇ ਕੈਨੇਡਾ ਦੇ ਰੂਰਲ ਅਤੇ ਅਰਬਨ ਇਲਾਕਿਆਂ 'ਚ ਅਪਰਾਧ ਦਰ ਵਿੱਚ ਕਮੀ ਪਾਈ ਗਈ ਹੈ। ਦਿਹਾਤੀ ਇਲਾਕਿਆਂ ਵਿੱਚ ਅਪਰਾਧ ਦਰ ਵਿੱਚ 2009 ਨਾਲੋਂ 13 ਫ਼ੀਸਦੀ ਕਮੀ ਆਈ ਹੈ ਅਤੇ ਅਰਬਨ ਇਲਾਕਿਆਂ ਵਿੱਚ 19 ਫ਼ੀਸਦੀ ਘੱਟ ਸੀ।