ਵਾਤਾਵਰਣ ਦਿਵਸ ਮੌਕੇ ਆਦਿਵਾਸੀਆਂ ਦੀ ਗੱਲ ਕਿਉਂ ਨਹੀਂ ਹੁੰਦੀ? : ਨੰਦ ਕੁਮਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਨੁਸੂਚਿਤ ਜਨਜਾਤੀ ਕਮਿਸ਼ਨ ਦੇ ਮੁਖੀ ਨੇ ਕਿਹਾ-ਆਦਿਵਾਸੀਆਂ ਨੂੰ ਜੰਗਲ ਵਿਚੋਂ ਕਢਿਆ ਜਾ ਰਿਹੈ

Nand Kumar Sai

ਨਵੀਂ ਦਿੱਲੀ: ਕੌਮੀ ਅਨੁਸੂਚਿਤ ਜਨਜਾਤੀ ਕਮਿਸ਼ਨ ਦੇ ਮੁਖੀ ਨੰਦ ਕੁਮਾਰ ਸਾਈ ਦਾ ਕਹਿਣਾ ਹੈ ਕਿ ਕੁਦਰਤ ਦੇ ਕਰੀਬ ਰਹਿ ਕੇ ਅਪਣਾ ਜੀਵਨ ਬਸਰ ਕਰਨ ਵਾਲੇ ਅਤੇ ਕੁਦਰਤ ਦੀ ਪੂਜਾ ਕਰਨ ਵਾਲੇ ਆਦਿਵਾਸੀਆਂ ਨੂੰ ਜੰਗਲ ਵਿਚੋਂ ਹਟਾਇਆ ਜਾ ਰਿਹਾ ਹੈ ਅਤੇ ਵਾਤਾਵਰਣ ਦਿਵਸ ਮੌਕੇ ਕੋਈ ਉਨ੍ਹਾਂ ਬਾਰੇ ਗੱਲ ਕਰਨ ਦਾ ਵੀ ਚਾਹਵਾਨ ਨਹੀਂ। ਉਨ੍ਹਾਂ ਸੰਸਦ ਮੈਂਬਰਾਂ ਨੂੰ ਸੁਝਾਅ ਦਿਤਾ ਕਿ ਸੰਸਦ ਦੇ ਬਜਟ ਇਜਲਾਸ ਦੇ ਪਹਿਲੇ ਦਿਨ ਪ੍ਰਦੂਸ਼ਣ ਦੇ ਮਸਲੇ 'ਤੇ ਗੰਭੀਰ ਚਰਚਾ ਹੋਵੇ।

ਉਨ੍ਹਾਂ ਕਿਹਾ, 'ਹਾਲਾਤ ਬਹੁਤ ਖ਼ਰਾਬ ਹਨ। ਸਖ਼ਤ ਗਰਮੀ ਨਾਲ ਲੋਕ ਮਰ ਰਹੇ ਹਨ। ਵਿਕਾਸ ਦੇ ਨਾਮ 'ਤੇ ਦਰੱਖ਼ਤ ਵੱਢੇ ਜਾ ਰਹੇ ਹਨ ਅਤੇ ਆਦਿਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਵਿਚੋਂ ਕਢਿਆ ਜਾ ਰਿਹਾ ਹੈ। ਇਹ ਲੋਕ ਕੁਦਰਤ ਦੇ ਕਰੀਬ  ਰਹਿੰਦੇ ਹਨ, ਉਸ ਦੀ ਪੂਜਾ ਅਤੇ ਰਾਖੀ ਕਰਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਕੋਈ ਵੀ ਵਿਸ਼ਵ ਵਾਤਾਵਰਣ ਦਿਵਸ ਮੌਕੇ ਉਨ੍ਹਾਂ ਦੀ ਦੁਰਦਸ਼ਾ ਦੀ ਗੱਲ ਨਹੀਂ ਕਰਨਾ ਚਾਹੁੰਦਾ।' ਜ਼ਮੀਨ 'ਤੇ ਆਦਿਵਾਸੀਆਂ ਦੇ ਮਾਲਕਾਨਾ ਹੱਕ ਦੇ ਸਵਾਲ 'ਤੇ ਉਨ੍ਹਾਂ ਕਿਹਾ, 'ਜੰਗਲ ਦੀ ਜ਼ਮੀਨ 'ਤੇ ਉਨ੍ਹਾਂ ਦੇ ਅਧਿਕਾਰ ਬਾਰੇ ਸਵਾਲ ਚੁੱਕਣ ਵਾਲੇ ਤੁਸੀਂ ਕੌਣ ਹੁੰਦੇ ਹੋ?

ਉਹ ਵਰ੍ਹਿਆਂ ਤੋਂ ਜੰਗਲਾਂ ਵਿਚ ਰਹਿ ਰਹੇ ਹਨ। ਇਹ ਬੇਕਸੂਰ ਲੋਕ ਕਾਨੂੰਨ ਦੀਆਂ ਬਾਰੀਕੀਆਂ ਤੋਂ ਵਾਕਫ਼ ਨਹੀਂ।'  ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 13 ਫ਼ਰਵਰੀ ਨੂੰ 11.8 ਲੱਖ 'ਨਾਜਾਇਜ਼ ਜੰਗਲਵਾਸੀਆਂ' ਨੂੰ ਕੱਢਣ ਦਾ ਹੁਕਮ ਦਿਤਾ ਸੀ। ਜ਼ਮੀਨੀ ਹੱਕਾਂ ਲਈ ਉਨ੍ਹਾਂ ਦੇ ਦਾਅਵੇ ਰੱਦ ਕਰ ਦਿਤੇ ਗਏ ਸਨ। ਐਨਸੀਐਸਟੀ ਮੁਖੀ ਨੇ ਸੁਝਾਅ ਦਿਤਾ ਕਿ ਪ੍ਰਦੂਸ਼ਣ ਨਾਲ ਲੜਨ ਲਈ ਸਰਕਾਰ ਹਰ ਨਾਗਰਿਕ ਨੂੰ ਇਕ ਦਰੱਖ਼ਤ ਲਾਉਣ ਅਤੇ ਉਸ ਦੀ ਦੇਖਰੇਖ ਕਰਨ ਲਈ ਕਹੇ।