ਪ੍ਰਦੂਸ਼ਣ ਕਾਰਨ ਭਾਰਤ ’ਚ ਹਰ ਸਾਲ ਇਕ ਲੱਖ ਬੱਚਿਆਂ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਵਾ ਪ੍ਰਦੂਸ਼ਣ ਨਾਲ ਲੜਨ ਦੀਆਂ ਸਰਕਾਰ ਦੀਆਂ ਯੋਜਨਾਵਾਂ ਹੁਣ ਤਕ ਨਹੀਂ ਹੋਈਆਂ ਸਫ਼ਲ

One Lakh children die every year in India due to pollution

ਨਵੀਂ ਦਿੱਲੀ: ਭਾਰਤ ਵਿਚ ਹਵਾ ਪ੍ਰਦੂਸ਼ਣ ਇਕ ਕੌਮੀ ਸਮੱਸਿਆ ਬਣ ਚੁੱਕੀ ਹੈ ਕਿਉਂਕਿ ਇਸ ਕਾਰਨ ਭਾਰਤ ਵਿਚ ਹਰ ਸਾਲ ਪੰਜ ਸਾਲ ਤੋਂ ਛੋਟੇ ਇਕ ਲੱਖ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਅਤੇ ਇਹ ਹਵਾ ਪ੍ਰਦੂਸ਼ਣ ਦੇਸ਼ ਵਿਚ ਹੋਣ ਵਾਲੀਆਂ 12.5 ਫ਼ੀ ਸਦੀ ਮੌਤਾਂ ਲਈ ਵੀ ਜ਼ਿੰਮੇਵਾਰ ਹੈ। ਵਿਸ਼ਵ ਵਾਤਾਵਰਨ ਦਿਵਸ 'ਤੇ ਜਾਰੀ ਇਕ ਅਧਿਐਨ ਵਿਚ ਕਿਹਾ ਗਿਆ ਹੈ ਕਿ ਪ੍ਰਦੂਸ਼ਤ ਹਵਾ ਕਾਰਨ ਭਾਰਤ ਵਿਚ 10 ਹਜ਼ਾਰ ਬੱਚਿਆਂ ਵਿਚੋਂ ਅੰਦਾਜ਼ਨ 8.5 ਬੱਚੇ ਪੰਜ ਸਾਲ ਦੇ ਹੋਣ ਤੋਂ ਪਹਿਲਾਂ ਹੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ

ਜਦਕਿ ਬੱਚੀਆਂ ਵਿਚ ਇਹ ਖ਼ਤਰਾ ਜ਼ਿਆਦਾ ਹੈ ਕਿਉਂਕਿ 10 ਹਜ਼ਾਰ ਕੁੜੀਆਂ ਵਿਚੋਂ 9.6 ਪੰਜ ਸਾਲ ਦੀਆਂ ਹੋਣ ਤੋਂ ਪਹਿਲਾਂ ਹੀ ਮਰ ਜਾਂਦੀਆਂ ਹਨ। ਵਾਤਾਵਰਨ ਥਿੰਕ ਟੈਂਕ ਸੀਐਸਈ ਦੇ ਸਟੇਟ ਆਫ਼ ਇੰਡੀਆਜ਼ ਇਨਵਾਇਰਨਮੈਂਟ (ਐਸਓਈ) ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਵਾ ਪ੍ਰਦੂਸ਼ਣ ਭਾਰਤ ਵਿਚ ਹੋਣ ਵਾਲੀਆਂ 12.5 ਫ਼ੀ ਸਦੀ ਮੌਤਾਂ ਲਈ ਜ਼ਿੰਮੇਵਾਰ ਹੈ। ਬੱਚਿਆਂ 'ਤੇ ਇਸ ਦਾ ਅਸਰ ਓਨਾ ਹੀ ਚਿੰਤਾਜਨਕ ਹੈ। ਦੇਸ਼ ਵਿਚ ਖ਼ਰਾਬ ਹਵਾ ਦੇ ਚਲਦਿਆਂ ਲਗਭਗ 10 ਹਜ਼ਾਰ ਬੱਚਿਆਂ ਦੀ ਪੰਜ ਸਾਲ ਦੇ ਹੋਣ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ।

ਥਿੰਕ ਟੈਂਕ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਨਾਲ ਲੜਨ ਦੀਆਂ ਸਰਕਾਰ ਦੀਆਂ ਯੋਜਨਾਵਾਂ ਹੁਣ ਤਕ ਸਫ਼ਲ ਨਹੀਂ ਹੋਈਆਂ ਹਨ ਅਤੇ ਇਸ ਤੱਥ ਨੂੰ ਵਾਤਾਵਰਨ ਮੰਤਰਾਲੇ ਨੇ ਵੀ ਸਵੀਕਾਰ ਕੀਤਾ ਹੈ। ਇਸ ਤੋਂ ਪਹਿਲਾਂ ਹਵਾ ਪ੍ਰਦੂਸ਼ਣ 'ਤੇ ਆਲਮੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ 2017 ਵਿਚ ਇਸ ਕਾਰਨ ਭਾਰਤ ਵਿਚ 12 ਲੱਖ ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੋਈ ਸੀ। ਗ੍ਰੀਨਪੀਸ ਦੀ ਇਕ ਰਿਪੋਰਟ ਮੁਤਾਬਕ ਨਵੀਂ ਦਿੱਲੀ ਸਾਰੀ ਦੁਨੀਆਂ ਸੱਭ ਤੋਂ ਪ੍ਰਦੂਸ਼ਤ ਰਾਜਧਾਨੀ ਸ਼ਹਿਰ ਹੈ।

ਭਾਰਤ ਨੇ ਸਾਲ 2013 ਵਿਚ ਪ੍ਰਣ ਕੀਤਾ ਸੀ ਕਿ ਗ਼ੈਰ ਇਲੈਕਟ੍ਰਾਨਿਕ ਵਾਹਨਾਂ ਨੂੰ ਹਟਾ ਦਿਤਾ ਜਾਵੇਗਾ ਅਤੇ ਸਾਲ 2020 ਤਕ 1.5 ਤੋਂ. 1.6 ਕਰੋੜ ਹਾਈਬ੍ਰਿਡ ਅਤੇ ਇਲੈਕਟ੍ਰਾਨਿਕ ਵਾਹਨਾਂ ਦੀ ਵਿਕਰੀ ਦਾ ਟੀਚਾ ਰਖਿਆ ਸੀ। ਸੀਐਸਈ ਦੀ ਰਿਪੋਰਟ ਮੁਤਾਬਕ ਈ-ਵਾਹਨਾਂ ਦੀ ਗਿਣਤੀ ਮਈ 2019 ਤਕ ਸਿਰਫ਼ 2.8 ਲੱਖ ਸੀ ਜੋ ਤੈਅ ਟੀਚੇ ਤੋਂ ਕਾਫ਼ੀ ਪਿੱਛੇ ਹਨ।