ਭਾਰਤ-ਪਾਕਿਸਤਾਨ ਦੇ ਜਵਾਨਾਂ ਨੇ ਸਰਹੱਦ ‘ਤੇ ਮਨਾਈ ਈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਈਦ ਦੇ ਤਿਉਹਾਰ ਮੌਕੇ ਭਾਰਤ-ਪਾਕਿਸਤਾਨ ਦੇ ਜਵਾਨਾਂ ਵੱਲੋਂ ਸਰਹੱਦ ‘ਤੇ ਇਕ ਦੂਜੇ ਨੂੰ ਮਠਿਆਈ ਦਿੱਤੀ ਗਈ।

Celebration of Eid By security personnel

ਨਵੀਂ ਦਿੱਲੀ: ਦੁਨੀਆ ਭਰ ਵਿਚ ਅੱਜ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਭਾਰਤ ਦੇ ਨਾਲ ਨਾਲ ਪਾਕਿਸਤਾਨ, ਇੰਡੋਨੇਸ਼ੀਆ, ਆਸਟ੍ਰੈਲੀਆ ਅਤੇ ਏਸ਼ੀਆ ਦੇ ਬਾਕੀ ਹਿੱਸਿਆਂ ਵਿਚ ਵੀ ਅੱਜ ਈਦ ਮਨਾਈ ਜਾ ਰਹੀ ਹੈ। ਦੱਸ ਦਈਏ ਕਿ ਰਮਜ਼ਾਨ ਦਾ ਮਹੀਨਾ 30 ਦਿਨਾਂ ਤੱਕ ਚਲਦਾ ਹੈ। ਪਰ ਇਸ ਵਾਰ 5 ਜੂਨ ਨੂੰ ਈਦ ਹੋਣ ਕਾਰਨ ਰਮਜ਼ਾਨ ਦਾ ਮਹੀਨਾ ਸਿਰਫ 29 ਦਿਨ ਦਾ ਹੀ ਰਿਹਾ। ਪਿਛਲੇ ਸਾਲ ਈਦ 16 ਜੂਨ ਨੂੰ ਮਨਾਈ ਗਈ ਸੀ। ਈਦ ਦੇ ਤਿਉਹਾਰ ਮੌਕੇ ਭਾਰਤ-ਪਾਕਿਸਤਾਨ ਦੇ ਜਵਾਨਾਂ ਵੱਲੋਂ ਸਰਹੱਦ ‘ਤੇ ਇਕ ਦੂਜੇ ਨੂੰ ਮਠਿਆਈ ਦਿੱਤੀ ਗਈ। ਸੋਸ਼ਲ ਮੀਡੀਆ ‘ਤੇ ਭਾਰਤ-ਪਾਕਿਸਤਾਨ ਦੇ ਇਹਨਾਂ ਫੌਜੀਆਂ ਦੀਆਂ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਅਟਾਰੀ ਵਾਹਗਾ ਸਰਹੱਦ ‘ਤੇ ਦੋਵੇਂ ਦੇਸ਼ਾਂ ਦੇ ਜਵਾਨਾਂ ਨੇ ਇਕ-ਦੂਜੇ ਨੂੰ ਈਦ ਦੇ ਮੌਕੇ ‘ਤੇ ਮਠਿਆਈ ਦਿੱਤੀ।  ਇਸ ਦੇ ਨਾਲ ਹੀ ਭਾਰਤ ਅਤੇ ਬਾਂਗਲਾਦੇਸ਼ ਦੇ ਜਵਾਨਾਂ ਨੇ ਬੰਗਾਲ ਦੇ ਨੇੜੇ ਫੁਲਬਾਰੀ ਸਰਹੱਦ ‘ਤੇ ਇਕ ਦੂਜੇ ਨੂੰ ਈਦ ਦੇ ਮੌਕੇ ‘ਤੇ ਮਠਿਆਈ ਦਿੱਤੀ। ਇਸ ਮੌਕੇ ‘ਤੇ ਪੂਰੇ ਦੇਸ਼ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਨਮਾਜ਼ ਪੜ੍ਹਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਦਿੱਲੀ ਦੀ ਜਾਮਾ ਮਸਜ਼ਿਦ ਵਿਚ ਲੋਕਾਂ ਨੇ ਇਕੱਠੇ ਹੋ ਕੇ ਨਮਾਜ਼ ਕੀਤੀ। ਇਸ ਸਮੇਂ ਲਗਭਗ ਹਜ਼ਾਰਾਂ ਲੋਕ ਇਕੱਠੇ ਹੋਏ ਸਨ।

ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਮੁੰਬਈ ਵਿਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਹਮੀਦੀਆ ਮਸਜ਼ਿਦ ਵਿਚ ਨਮਾਜ਼ ਕੀਤੀ। ਮੰਨਿਆ ਜਾਂਦਾ ਹੈ ਕਿ ਪਹਿਲੀ ਵਾਰ ਈਦ ਉਲ-ਫਿਤਰ 624 ਈਸਵੀ ਵਿਚ ਮਨਾਈ ਗਈ ਸੀ। ਇਸ ਦਿਨ ਮਿੱਠੇ ਪਕਵਾਨ ਬਣਾਏ ਜਾਂਦੇ ਹਨ। ਇਸ ਦਿਨ ਭਾਈਚਾਰੇ ਦੇ ਲੋਕਾਂ ਵੱਲੋਂ ਦਾਨ ਕਰ ਕੀਤਾ ਜਾਂਦਾ ਹੈ ਅਤੇ ਇਸ ਦਾਨ ਨੂੰ ਇਸਲਾਮ ਵਿਚ ਫਿਤਰਾ ਕਹਿੰਦੇ ਹਨ। ਇਸ ਲਈ ਇਸ ਈਦ ਨੂੰ ਈਦ ਉਲ ਫਿਤਰ ਕਿਹਾ ਜਾਂਦਾ ਹੈ।