''ਜੇ ਭਾਰਤ ਨੇ ਐਟਮੀ ਹਥਿਆਰ ਦੀਵਾਲੀ ਲਈ ਨਹੀਂ ਰੱਖੇ ਤਾਂ ਪਾਕਿ ਨੇ ਕਿਹੜਾ ਈਦ ਲਈ ਰੱਖੇ ਆ''

ਏਜੰਸੀ

ਖ਼ਬਰਾਂ, ਰਾਸ਼ਟਰੀ

ਮੋਦੀ ਨੇ ਕਿਹਾ ਸੀ ''ਦੀਵਾਲੀ 'ਤੇ ਚਲਾਉਣ ਲਈ ਨਹੀਂ ਰੱਖੇ ਐਟਮੀ ਹਥਿਆਰ''

Mehbooba Mufti

ਨਵੀਂ ਦਿੱਲੀ: ਪਰਮਾਣੂ ਬੰਬ ਨੂੰ ਲੈ ਕੇ ਚੁਣਾਵੀ ਰੈਲੀ ਦੌਰਾਨ ਦਿਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ’ਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਪਲਟਵਾਰ ਕੀਤਾ ਹੈ। ਮੁਫ਼ਤੀ ਨੇ ਪਾਕਿਸਤਾਨ ਦਾ ਪੱਖ ਲੈਂਦੇ ਹੋਏ ਕਿਹਾ ਕਿ ਜੇਕਰ ਭਾਰਤ ਨੇ ਪਰਮਾਣੁ ਬੰਬ ਦੀਵਾਲੀ ਲਈ ਨਹੀਂ ਰੱਖੇ ਹਨ ਤਾਂ ਸਾਫ਼ ਹੈ ਕਿ ਪਾਕਿਸਤਾਨ ਨੇ ਵੀ ਇਨ੍ਹਾਂ ਨੂੰ ਈਦ ਲਈ ਨਹੀਂ ਰੱਖਿਆ ਹੈ। ਮੁਫ਼ਤੀ ਹਾਲ ਦੇ ਦਿਨਾਂ ਵਿਚ ਕੇਂਦਰ ਸਰਕਾਰ ਅਤੇ ਖ਼ਾਸ ਤੌਰ ’ਤੇ ਪ੍ਰਧਾਨ ਮੰਤਰੀ ਮੋਦੀ ਵਿਰੁਧ ਤਿੱਖੇ ਤੇਵਰ ਦਿਖਾਉਂਦੀ ਹੋਈ ਲਗਾਤਾਰ ਉਨ੍ਹਾਂ ਉਤੇ ਨਿਸ਼ਾਨਾ ਸਾਧ ਰਹੀ ਹੈ।

ਮਹਿਬੂਬਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਤੋਂ ਇਕ ਦਿਨ ਬਾਅਦ ਸੋਮਵਾਰ ਨੂੰ ਟਵੀਟ ਕਰਦੇ ਹੋਏ ਉਨ੍ਹਾਂ ਓਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਸਮਝ ਨਹੀਂ ਆਉਂਦੀ ਕਿ ਆਖ਼ਰ ਕਿਉਂ ਪ੍ਰਧਾਨ ਮੰਤਰੀ ਮੋਦੀ ਇੰਨੇ ਹੇਠਲੇ ਪੱਧਰ ’ਤੇ ਜਾ ਕੇ ਬਿਆਨਬਾਜ਼ੀ ਕਰ ਰਹੇ ਹਨ, ਉਨ੍ਹਾਂ ਨੇ ਰਾਜਨੀਤਕ ਬਹਿਸ ਦੇ ਪੱਧਰ ਨੂੰ ਨੀਵਾਂ ਕਰਨ ਦਾ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਦੇ ਇਸ ਬਿਆਨ ਉਤੇ ਕਾਂਗਰਸ ਨੇ ਵੀ ਉਨ੍ਹਾਂ ’ਤੇ ਹਮਲਾ ਬੋਲਿਆ ਹੈ।

ਪਾਰਟੀ ਦੇ ਸੀਨੀਅਰ ਨੇਤਾ ਆਨੰਦ ਸ਼ਰਮਾ ਨੇ ਕਿਹਾ ਕਿ ਪਰਮਾਣੂ ਸ਼ਕਤੀ ਹੋਣ ’ਤੇ ਪੂਰੇ ਦੇਸ਼ ਨੂੰ ਮਾਣ ਹੈ ਪਰ ਇਸ ਉਤੇ ਪ੍ਰਧਾਨ ਮੰਤਰੀ ਮੋਦੀ ਦਾ ਬੜਬੋਲਾਪਨ ਰਾਸ਼ਟਰ ਦੇ ਹਿੱਤ ਵਿਚ ਨਹੀਂ ਹੈ। ਸ਼ਰਮਾ ਨੇ ਟਵੀਟ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਚੁਣਾਵੀ ਭਾਸ਼ਣਾਂ ਵਿਚ ਉਨ੍ਹਾਂ ਦੇ ਗ਼ੈਰ ਜ਼ਿੰਮੇਦਾਰ ਬਿਆਨਾਂ ਅਤੇ ਦਾਅਵਿਆਂ ਤੋਂ ਉਨ੍ਹਾਂ ਦੇ ਡਿੱਗਦੇ ਜਨ-ਸਮਰਥਨ ਤੋਂ ਉਨ੍ਹਾਂ ਦੀ ਪ੍ਰੇਸ਼ਾਨੀ ਸਾਫ਼ ਜ਼ਾਹਰ ਹੁੰਦੀ ਹੈ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਬਾਡਮੇਰ ਵਿਚ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਨੇ ਵੀ ਪਰਮਾਣੁ ਬੰਬ ਦੀਵਾਲੀ ਲਈ ਨਹੀਂ ਰੱਖੇ ਹਨ।

ਪੀਏਮ ਦਾ ਇਹ ਬਿਆਨ ਪਾਕਿਸਤਾਨ ਦੀਆਂ ਉਨ੍ਹਾਂ ਧਮਕੀਆਂ ਦਾ ਜਵਾਬ ਸੀ, ਜਿਸ ਵਿਚ ਪਾਕਿਸਤਾਨ ਦੇ ਨੇਤਾ ਵਾਰ-ਵਾਰ ਦਿੱਲੀ ’ਤੇ ਪਰਮਾਣੂ ਹਮਲੇ ਦੀ ਗੱਲ ਕਹਿੰਦੇ ਆਏ ਹਨ। ਰੈਲੀ ਵਿਚ ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਦੀ ਧਮਕੀ ਤੋਂ ਡਰਨ ਦੀ ਨੀਤੀ ਛੱਡ ਦਿਤੀ ਹੈ। ਆਏ ਦਿਨ ਪਾਕਿਸਤਾਨ ਪਰਮਾਣੂ ਹਮਲੇ ਦੀ ਧਮਕੀ ਦਿੰਦਾ ਸੀ, ਤਾਂ ਸਾਡੇ ਕੋਲ ਜੋ ਪਰਮਾਣੂ ਬੰਬ ਹਨ ਉਹ ਦੀਵਾਲੀ ਲਈ ਨਹੀਂ ਰੱਖੇ।