ਮੋਦੀ ਸਰਕਾਰ ਦੇ ਅਗਲੇ 3 ਸਾਲਾਂ 'ਚ ਵਿਕਾਸ ਫੜੇਗਾ ਰਫ਼ਤਾਰ, ਚੀਨ ਰਹੇਗਾ ਪਿੱਛੇ
ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ 10 ਦਿਨਾਂ ਦੇ ਅੰਦਰ ਵਰਲਡ ਬੈਂਕ ਨੇ ਇੱਕ ਚੰਗੀ ਖ਼ਬਰ ਸੁਣਾਈ ਹੈ।
ਨਵੀਂ ਦਿੱਲੀ : ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ 10 ਦਿਨਾਂ ਦੇ ਅੰਦਰ ਵਰਲਡ ਬੈਂਕ ਨੇ ਇੱਕ ਚੰਗੀ ਖ਼ਬਰ ਸੁਣਾਈ ਹੈ। ਵਰਲਡ ਬੈਂਕ ਦਾ ਕਹਿਣਾ ਹੈ ਕਿ ਆਉਣ ਵਾਲੇ ਤਿੰਨ ਸਾਲਾਂ ਤੱਕ ਆਰਥਿਕ ਮੋਰਚੇ 'ਤੇ ਭਾਰਤ ਦੀ ਧੂਮ ਰਹੇਗੀ ਅਤੇ ਤਰੱਕੀ ਦੀ ਰਫ਼ਤਾਰ ਮਾਮਲੇ ਵਿੱਚ ਚੀਨ ਨੂੰ ਪਿੱਛੇ ਛੱਡ ਦੇਵੇਗਾ। ਦਰਅਸਲ ਵਰਲਡ ਬੈਂਕ ਨੇ ਕਿਹਾ ਹੈ ਕਿ ਭਾਰਤੀ ਅਰਥਵਿਵਸਥਾ ਦੁਨੀਆ ਵਿਚ ਸਭ ਤੋਂ ਤੇਜ਼ ਰਫ਼ਤਾਰ ਨਾਲ ਵੱਧਦੀ ਰਹੇਗੀ। ਭਾਰਤ 2021ਤੱਕ ਚੀਨ ਦੀ ਤੁਲਨਾ ਵਿੱਚ 1.5 ਫ਼ੀਸਦੀ ਤੇਜ਼ ਰਫਤਾਰ ਨਾਲ ਵੱਧ ਰਿਹਾ ਹੋਵੇਗਾ।
ਦੱਸ ਦਈਏ ਕਿ 2018 ਵਿੱਚ ਚੀਨ ਦੀ ਰਫ਼ਤਾਰ 6.6 ਫੀਸਦੀ ਰਹੀ, ਜੋ 2019 ਵਿੱਚ 6.2 ਫ਼ੀਸਦੀ ਰਹਿ ਜਾਵੇਗੀ। ਵਰਲਡ ਬੈਂਕ ਦੇ ਅਨੁਮਾਨ ਦੇ ਮੁਤਾਬਕ 2020 ਵਿੱਚ 6.1 ਫ਼ੀਸਦੀ ਅਤੇ 2021 ਵਿੱਚ ਇਸਦੀ ਰਫ਼ਤਾਰ 6 ਫ਼ੀਸਦੀ ਤੱਕ ਸਿਮਟ ਜਾਵੇਗੀ। ਭਾਰਤ ਦੀ ਜੀਡੀਪੀ ਗ੍ਰੋਥ ਰੇਟ ਨੂੰ ਲੈ ਕੇ ਵਰਲਡ ਬੈਂਕ ਨੇ ਕਿਹਾ ਹੈ ਕਿ ਵਿੱਤੀ ਸਾਲ 2019-20 ਵਿੱਚ ਵਿਕਾਸ ਦਰ 7.5 ਫ਼ੀਸਦੀ ਰਹਿ ਸਕਦੀ ਹੈ ਅਤੇ ਅਗਲੇ 2 ਵਿੱਤੀ ਸਾਲ ਤੱਕ ਰਫ਼ਤਾਰ ਇੰਨੀ ਬਣੀ ਰਹੇਗੀ। ਅਹਿਮ ਗੱਲ ਇਹ ਹੈ ਕਿ ਵਰਲਡ ਬੈਂਕ ਨੇ ਪਹਿਲਾਂ ਵੀ ਭਾਰਤ ਲਈ ਇਹੀ ਅਨੁਮਾਨ ਲਗਾਇਆ ਸੀ।
ਵਰਲਡ ਬੈਂਕ ਨੇ ਪਾਕਿਸਤਾਨ ਦੇ ਜੀਡੀਪੀ ਨੂੰ ਲੈ ਕੇ ਪੂਰਵ ਅਨੁਮਾਨ 'ਚ 0.2 ਫ਼ੀਸਦੀ ਦੀ ਕਟੌਤੀ ਕੀਤੀ ਹੈ। ਹਾਲਾਂਕਿ ਸਾਲ 2020 ਵਿੱਚ ਪਾਕਿਸਤਾਨ ਦੇ ਜੀਡੀਪੀ ਦਾ ਸਤਰ 7 ਫ਼ੀਸਦੀ ਦੇ ਜਾਦੂਈ ਆਂਕੜੇ ਨੂੰ ਛੂਹ ਸਕਦਾ ਹੈ। ਸਾਲ 2021 ਵਿਚ ਪਾਕਿਸਤਾਨ ਦੀ ਜੀਡੀਪੀ ਦੀ ਇਹ ਸੰਖਿਆ 7.1 ਫੀਸਦੀ ਤੱਕ ਰਹਿਣ ਦਾ ਅਨੁਮਾਨ ਹੈ। ਇਸ ਹਿਸਾਬ ਤੋਂ ਦੇਖੀਏ ਤਾਂ ਇਹ ਚੀਨ ਦੀ ਜੀਡੀਪੀ ਤੋਂ ਕਿਤੇ ਜਿਆਦਾ ਹੈ।
ਹਾਲਾਂਕਿ ਵਰਲਡ ਬੈਂਕ ਨੂੰ ਇਸ ਗੱਲ ਦੀ ਸ਼ੰਕਾ ਹੈ ਕਿ ਦੁਨੀਆ 'ਤੇ ਆਰਥਿਕ ਮੰਦੀ ਦਾ ਖ਼ਤਰਾ ਹੈ। ਦੁਨੀਆ ਦੀ ਵੱਡੀ ਅਰਥ ਵਿਅਵਸਥਾਵਾਂ ਦੇ ਵਿੱਚ ਵੱਧਦੇ ਟ੍ਰੇਡ ਵਾਰ ਨਾਲ ਸੰਸਾਰਿਕ ਵਿਕਾਸ ਦਰ ਵਿੱਚ ਕਮੀ ਆ ਸਕਦੀ ਹੈ। ਰਿਪੋਰਟ ਦੇ ਮੁਤਾਬਕ ਸੰਸਾਰਿਕ ਅਰਥਵਿਵਸਥਾ 2018 ਵਿਚ 3 ਫ਼ੀਸਦੀ ਦੀ ਰਫ਼ਤਾਰ ਨਾਲ ਵਧੀ ਸੀ, ਜਦੋਂ ਕਿ ਇਸ ਸਾਲ ਰਫਤਾਰ 2.6 ਫ਼ੀਸਦੀ ਤੱਕ ਸਿਮਟ ਸਕਦੀ ਹੈ। ਦੱਸ ਦਈਏ ਕਿ ਇਹ ਜਨਵਰੀ ਵਿੱਚ ਲਗਾਏ ਗਏ ਅਨੁਮਾਨ ਤੋਂ ਘੱਟ ਹੈ।