ਨਿਰਮਲਾ ਸੀਤਾਰਮਨ ਨੇ ਤੋੜੀ ਪੁਰਾਣੀ ਰਵਾਇਤ, ਹੁਣ ‘ਦੇਸ਼ ਦਾ ਬਹੀ ਖਾਤਾ’ ਕਹਿਲਾਏਗਾ ਬਜਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕਰਨ ਜਾ ਰਹੀ ਹੈ।

Nirmala Sitharaman Ditches British-Era Tradition

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕਰਨ ਜਾ ਰਹੀ ਹੈ। ਇਸ ਵਾਰ ਉਹਨਾਂ ਨੇ ਇਕ ਰਵਾਇਤ ਨੂੰ ਤੋੜਦੇ ਹੋਏ ਬਜਟ ਦਸਤਾਵੇਜ਼ ਨੂੰ ਬਰੀਫਕੇਸ ਵਿਚ ਨਾ ਲੈ ਕੇ ਇਕ ਲਾਲ ਰੰਗ ਦੇ ਕੱਪੜੇ ਵਿਚ ਰੱਖਿਆ ਹੈ ਇਸ ਕੱਪੜੇ ‘ਤੇ ਅਸ਼ੋਕ ਚਿੰਨ੍ਹ ਲੱਗਿਆ ਸੀ। ਇਸ ‘ਤੇ ਸਰਕਾਰ ਦੇ ਮੁੱਖ ਆਰਥਕ ਸਲਾਹਕਾਰ ਕੇ ਸੁਬਰਾਮਨੀਅਮ ਦਾ ਕਹਿਣਾ ਹੈ ਕਿ ਵਿੱਤ ਮੰਤਰੀ ਨੇ ਲਾਲ ਰੰਗ ਦੇ ਕੱਪੜੇ ਵਿਚ ਬਜਟ ਦਸਤਾਵੇਜ਼ ਨੂੰ ਰੱਖਿਆ ਹੈ। ਇਹ ਇਕ ਭਾਰਤੀ ਰਵਾਇਤ ਹੈ। ਉਹਨਾਂ ਕਿਹਾ ਕਿ ਇਹ ਪੱਛਮੀ ਗੁਲਾਮੀ ਤੋਂ ਨਿਕਲਣ ਦਾ ਪ੍ਰਤੀਕ ਹੈ। ਇਹ ਬਜਟ ਨਹੀਂ ‘ਬਹੀ ਖਾਤਾ’ ਹੈ।

ਦੱਸ ਦਈਏ ਕਿ ਅਜ਼ਾਦੀ ਤੋਂ ਬਾਅਦ ਦੇਸ਼ ਦਾ ਪਹਿਲਾ ਬਜਟ ਸਾਬਕਾ ਵਿੱਤ ਮੰਤਰੀ ਆਰ ਕੇ ਸ਼ਨਮੁਖ਼ਮ ਸ਼ੈਟੀ ਨੇ 26 ਨਵੰਬਰ 1947 ਨੂੰ ਪੇਸ਼ ਕੀਤਾ ਸੀ। ਉਸ ਸਮੇਂ ਉਹ ਬਜਟ ਦਸਤਾਵੇਜ਼ ਨੂੰ ਲੈਦਰ ਬੈਗ ਵਿਚ ਲੈ ਕੇ ਆਏ ਸਨ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 1991 ਵਿਚ ਜਦੋਂ ਬਜਟ ਪੇਸ਼ ਕੀਤਾ ਸੀ ਤਾਂ ਉਹ ਬਜਟ ਦਸਤਾਵੇਜ਼ ਨੂੰ ਕਾਲੇ ਬੈਗ ਵਿਚ ਲੈ ਕੇ ਆਏ ਸਨ। ਜਵਾਹਰ ਲਾਲ ਨਹਿਰੂ, ਯਸ਼ਵੰਤ ਸਿਨਹਾ ਵੀ ਕਾਲਾ ਬੈਗ ਲੈ ਕੇ ਬਜਟ ਪੇਸ਼ ਕਰਨ ਪਹੁੰਚੇ ਸਨ ਜਦਕਿ ਪ੍ਰਣਬ ਮੁਖਰਜੀ ਲਾਲ ਬ੍ਰੀਫਕੇਸ ਨਾਲ ਪਹੁੰਚੇ ਸਨ। ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਵੀ ਅਪਣੇ ਕਾਰਜਕਾਲ ਦੌਰਾਨ ਭੂਰਾ ਅਤੇ ਲਾਲ ਬ੍ਰੀਫਰੇਸ ਲੈ ਕੇ ਬਜਟ ਪੇਸ਼ ਕਰਨ ਪਹੁੰਚੇ ਸਨ।

ਦੱਸ ਦਈਏ ਕਿ 2019 ਦੇ ਬਜਟ ਨੂੰ ਲੈ ਕੇ ਪੂਰੇ ਦੇਸ਼ ਵਿਚ ਲੋਕ ਕਾਫ਼ੀ ਉਮੀਦਾਂ ਲਗਾ ਕੇ ਬੈਠੇ ਹਨ। ਨੌਕਰੀਪੇਸ਼ਾ ਲੋਕ ਟੈਕਸ ਦਰ ਵਿਚ ਬਦਲਾਅ ਦੀ ਉਮੀਦ ਕਰ ਰਹੇ ਹਨ। ਕਿਸਾਨ, ਨੌਜਵਾਨ, ਵਪਾਰੀ ਆਦਿ ਸਾਰਿਆਂ ਦੀਆਂ ਨਜ਼ਰਾਂ ਬਜਟ ‘ਤੇ ਟਿਕੀਆਂ ਹੋਈਆ ਹਨ। ਇਸ ਬਜਟ ਵਿਚ ਸਰਕਾਰੀ ਖ਼ਜ਼ਾਨੇ ਦੇ ਘਾਟੇ ਨੂੰ ਕਾਬੂ ਕਰਨ 'ਤੇ ਜ਼ਿਆਦਾ ਜ਼ੋਰ ਰਹੇਗਾ। ਇਹ ਬਜਟ ਵਿਚ ਆਰਥਿਕ ਵਾਧੇ ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ। ਦੇਸ਼ ਦੀ ਪਹਿਲੀ ਪੂਰਣ ਕਾਲ ਔਰਤ ਵਿੱਤ ਮੰਤਰੀ ਹੋਣ ਦੇ ਨਾਤੇ ਨਿਰਮਲਾ ਸੀਤਾਰਮਣ ਤੋਂ ਦੇਸ਼ ਦੀਆਂ ਔਰਤਾਂ ਦੀਆਂ ਉਮੀਦਾਂ ਵਧ ਗਈਆਂ ਹਨ।