ਰਾਜਨਾਥ ਸਿੰਘ ਦੀ ਚੀਨ ਨੂੰ ਚੇਤਾਵਨੀ- ਹਸਪਤਾਲ ਹੋਣ ਜਾਂ ਬਾਡਰ, ਤਿਆਰੀ ਵਿਚ ਅਸੀਂ ਪਿੱਛੇ ਨਹੀਂ ਰਹਿੰਦੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਗਲਵਾਨ ਘਾਟੀ ਵਿਚ ਭਾਰਤ ਅਤੇ ਚੀਨੀ ਫੌਜ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਵਧੇ ਤਣਾਅ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ।

Rajnath Singh

ਨਵੀਂ ਦਿੱਲੀ: ਪੂਰਬੀ ਲਦਾਖ ਦੀ ਗਲਵਾਨ ਘਾਟੀ ਵਿਚ ਭਾਰਤ ਅਤੇ ਚੀਨੀ ਫੌਜ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਵਧੇ ਤਣਾਅ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ। ਦਿੱਲੀ ਵਿਚ ਇਕ ਕੋਵਿਡ ਸੈਂਟਰ ਦਾ ਜਾਇਜ਼ਾ ਲੈਣ ਪਹੁੰਚੇ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਹਰ ਮੋਰਚੇ ‘ਤੇ ਤਿਆਰ ਹੈ।

ਦਰਅਸਲ ਰੱਖਿਆ ਮੰਤਰੀ ਰਾਜਨਾਥ ਸਿੰਘ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਕੋਵਿਡ-19 ਮਰੀਜਾਂ ਦੇ ਇਲਾਜ ਲਈ ਬਣਾਏ ਗਏ 1000 ਬਿਸਤਰਿਆਂ ਵਾਲੇ ਅਸਥਾਈ ਹਸਪਤਾਲ ਦਾ ਦੌਰਾ ਕਰਨ ਪਹੁੰਚੇ ਸੀ। ਇਸੇ ਦੌਰਾਨ ਚੀਨ ਨੂੰ ਲੈ ਕੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, ‘ਅਸੀਂ ਹਰ ਮੋਰਚੇ ਲਈ ਤਿਆਰ ਹਾਂ, ਚਾਹੇ ਉਹ ਬਾਡਰ ਹੋਵੇ ਜਾਂ ਫਿਰ ਹਸਪਤਾਲ, ਤਿਆਰੀ ਵਿਚ ਅਸੀਂ ਕਦੀ ਵੀ ਪਿੱਛੇ ਨਹੀਂ ਰਹਿੰਦੇ’।

ਉੱਥੇ ਹੀ ਅਮਿਤ ਸ਼ਾਹ ਨੇ ਟਵੀਟ ਕੀਤਾ, ‘ਰੱਖਿਆ ਮੰਤਰੀ ਰਾਜਨਾਥ ਸਿੰਘ ਜੀ ਦੇ ਨਾਲ 250 ਆਈਸੀਯੂ ਬੈੱਡ ਸਮੇਤ 1000 ਬੈੱਡ ਦੇ ਹਸਪਤਾਲ ਦਾ ਦੌਰਾ, ਜਿਸ ਨੂੰ ਡੀਆਰਡੀਓ ਅਤੇ ਟਾਟਾ ਸਨਜ਼ ਨੇ ਤੈਅ ਸਮੇਂ ਵਿਚ ਬਣਾਇਆ ਹੈ’। ਇਹ ਹਸਪਤਾਲ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕੋਲ ਰੱਖਿਆ ਮੰਤਰਾਲੇ ਦੀ ਜ਼ਮੀਨ ‘ਤੇ ਸਿਰਫ 11 ਦਿਨ ਦੇ ਅੰਦਰ ਬਣਾਇਆ ਗਿਆ ਹੈ।

ਦੱਸ ਦਈਏ ਕਿ ਚੀਨ ਨਾਲ ਚੱਲ਼ ਰਹੇ ਤਣਾਅ ਨੂ ਦੇਖਦੇ ਹੋਏ ਹੁਣ ਏਅਰਫੋਰਸ ਅਤੇ ਫੌਜ ਮਿਲ ਕੇ ਲਗਾਤਾਰ ਚੀਨ ‘ਤੇ ਨਜ਼ਰ ਰੱਖ ਰਹੇ ਹਨ। ਭਾਰਤ ਨੇ ਗਲਵਾਨ ਘਾਟੀ ਵਿਚ ਚੀਨ ਦੇ ਬਰਾਬਰ ਫੌਜੀ ਤੈਨਾਤ ਕਰ ਦਿੱਤੇ ਹਨ।