ਅਪਣੇ ਨਾਂਅ ਨਾਲ 'ਭਾਰਤੀ' ਜੁੜਿਆ ਹੋਣ ਦੀ ਸਜ਼ਾ ਭੁਗਤਦੈ ਇਹ ਅਨੋਖਾ ਪੰਛੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ 'ਚ ਧੜੱਲੇ ਕੀਤਾ ਜਾਂਦੈ 'ਗ੍ਰੇਟ ਇੰਡੀਅਨ ਬਸਟ੍ਰਡ' ਦਾ ਸ਼ਿਕਾਰ!

Great Indian bustard

ਨਵੀਂ ਦਿੱਲੀ- ਭਾਰਤ ਅਤੇ ਪਾਕਿਸਤਾਨ ਵੱਲੋਂ ਬੇਸ਼ੱਕ ਆਪੋ ਆਪਣੀ ਸਰਹੱਦ ਨੂੰ ਮਜ਼ਬੂਤ ਕਰਨ ਲਈ ਸਖ਼ਤ ਤੋਂ ਸਖ਼ਤ ਨਿਯਮ ਬਣਾਏ ਜਾ ਰਹੇ ਹੋਣ ਅਤੇ ਜ਼ਿਆਦਾ ਤੋਂ ਜ਼ਿਆਦਾ ਫ਼ੌਜੀ ਤਾਇਨਾਤ ਕੀਤੇ ਜਾਂਦੇ ਰਹੇ ਹੋਣ ਪਰ ਕੀ ਪੰਛੀ ਕਦੇ ਇਨ੍ਹਾਂ ਸਰਹੱਦਾਂ ਨੂੰ ਮੰਨਦੇ ਨੇ? ਇਸ ਦਾ ਜਵਾਬ ਹੋਵੇਗਾ ਨਹੀਂ ਕਿਉਂਕਿ ਇਨਸਾਨ ਦੀਆਂ ਬਣਾਈਆਂ ਸਰਹੱਦਾਂ ਨਾਲ ਇਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਅਤੇ ਇਹ ਕਦੇ ਪਾਕਿ ਵੱਲ ਅਤੇ ਕਦੇ ਭਾਰਤ ਵੱਲ ਉਡਾਰੀਆਂ ਭਰਦੇ ਰਹਿੰਦੇ ਹਨ ਪਰ ਅੱਜ ਅਸੀਂ ਜਿਸ ਪੰਛੀ ਦੀ ਗੱਲ ਕਰਨ ਜਾ ਰਹੇ ਹੈ। 

ਉਸ ਦਾ ਨਾਂਅ ਹੈ 'ਇੰਡੀਅਨ ਗ੍ਰੇਟ ਬਸਟਰਡ' ਯਾਨੀ ਕਿ ਭਾਰਤ ਦੀ ਸੋਨ ਚਿਰੈਈਆ ਦੀ ਜੋ ਪਾਕਿਸਤਾਨੀਆਂ ਦੀ ਗੋਲੀ ਦਾ ਸਿਰਫ਼ ਇਸ ਕਰਕੇ ਸ਼ਿਕਾਰ ਹੋ ਰਹੀ ਹੈ ਕਿਉਂਕਿ ਉਸ ਦੇ ਨਾਂਅ ਨਾਲ 'ਇੰਡੀਅਨ' ਜੁੜਿਆ ਹੋਇਆ ਹੈ। ਗ੍ਰੇਟ ਇੰਡੀਅਨ ਬਸਟਰਡ ਉਹ ਪੰਛੀ ਹੈ ਜੋ ਆਜ਼ਾਦੀ ਦੇ ਸਮੇਂ ਤਕ ਭਾਰਤ ਵਿਚ ਕਾਫ਼ੀ ਗਿਣਤੀ ਵਿਚ ਪਾਇਆ ਜਾਂਦਾ ਸੀ ਪਰ ਹੁਣ ਪੂਰੀ ਦੁਨੀਆ ਵਿਚ ਇਸ ਦੀ ਕਾਫ਼ੀ ਘੱਟ ਗਿਣਤੀ ਬਚੀ ਹੈ। ਇਹ ਉਹ ਪੰਛੀ ਹੈ ਜੋ ਕਿਸੇ ਸਮੇਂ ਭਾਰਤ ਦੇ ਰੇਗਿਸਤਾਨੀ ਇਲਾਕਿਆਂ ਅਤੇ ਗਰਮ ਰਾਜਾਂ ਵਿਚ ਬੇਖ਼ੌਫ਼ ਹੋ ਕੇ ਘੁੰਮਦਾ ਸੀ ਪਰ ਹੁਣ ਇਸ ਨੂੰ ਸਿਰਫ਼ ਰਾਜਸਥਾਨ ਦੇ ਥਾਰ ਅਤੇ ਗੁਜਰਾਤ ਦੇ ਕੱਛ ਖੇਤਰਾਂ ਵਿਚ ਹੀ ਦੇਖਿਆ ਜਾ ਸਕਦਾ ਹੈ।

ਉਹ ਵੀ ਕਾਫ਼ੀ ਜ਼ਿਆਦਾ ਲੱਭਣ 'ਤੇ ਹੀ ਇਹ ਨਜ਼ਰ ਆਵੇਗਾ। ਗ੍ਰੇਟ ਇੰਡੀਅਨ ਬਸਟ੍ਰਡ ਦੀ ਪ੍ਰਜਾਤੀ ਆਲੋਪ ਹੋਣ ਦੇ ਕੰਢੇ ਹੈ। ਇਹ ਪੰਛੀ ਦੁਨੀਆ ਦਾ ਸਭ ਤੋਂ ਭਾਰੀ ਪੰਛੀ ਜੋ ਉਡ ਸਕਦਾ ਹੈ। ਸ਼ੁਤਰਮੁਰਗ ਵਾਂਗ ਇਸ ਦੀ ਲੰਬੀ ਗਰਦਨ ਅਤੇ ਲੰਬੇ ਪੈਰ ਹੁੰਦੇ ਹਨ। ਇਸ ਦਾ ਵਜ਼ਨ 15 ਕਿਲੋ ਤੱਕ ਹੋ ਸਕਦਾ ਹੈ ਅਤੇ ਲੰਬਾਈ 1 ਮੀਟਰ ਇਸ ਵਿਚ 20 ਤੋਂ 100 ਮੀਟਰ ਤੱਕ ਉਡਣ ਦੀ ਸਮਰੱਥਾ ਹੁੰਦੀ ਹੈ। ਇਕ ਰਿਪੋਰਟ ਦੇ ਅਨੁਸਾਰ ਬੈਨ ਹੋਣ ਦੇ ਬਾਵਜੂਦ ਪਾਕਿਸਤਾਨ ਵਿਚ ਇਸ ਪੰਛੀ ਦਾ ਧੜੱਲੇ ਨਾਲ ਸ਼ਿਕਾਰ ਕੀਤਾ ਜਾਂਦਾ ਹੈ।

ਰਿਪੋਰਟ ਮੁਤਾਬਕ ਕੱਛ ਦੇ ਨਾਲੀਆ ਤੋਂ ਪਾਕਿਸਤਾਨ ਉਡ ਕੇ ਗਏ ਇਨ੍ਹਾਂ ਪੰਛੀਆਂ ਦੀ ਗਿਣਤੀ ਵਿਚ ਕਾਫ਼ੀ ਕਮੀ ਆਈ ਹੈ। ਪਿਛਲੇ 4 ਸਾਲਾਂ ਵਿਚ 63 ਪੰਛੀ ਇਸ ਇਲਾਕੇ ਵਿਚ ਦੇਖੇ ਗਏ ਸਨ ਜਿਨ੍ਹਾਂ ਵਿਚੋਂ 49 ਦਾ ਸ਼ਿਕਾਰ ਹੋ ਚੁੱਕਿਆ ਹੈ। ਪਾਕਿਸਤਾਨੀ ਸਰਕਾਰ ਨੇ ਹਾਲੇ ਫ਼ਰਵਰੀ ਮਹੀਨੇ ਵਿਚ ਹੀ ਸਾਊਦੀ ਅਰਬ ਦੇ ਰਾਜ ਘਰਾਣੇ ਨੂੰ ਇਸ ਦੇ ਸ਼ਿਕਾਰ ਦੇ ਇਜਾਜ਼ਤ ਦੇ ਦਿੱਤੀ ਸੀ। ਜਿਸ ਦੇ ਉਨ੍ਹਾਂ ਨੇ ਇਕ ਲੱਖ ਡਾਲਰ ਭਰੇ ਸਨ। ਪਹਿਲਾਂ ਵਾਲੀ ਨਵਾਜ਼ ਸ਼ਰੀਫ਼ ਸਰਕਾਰ ਇਸ ਕੰਮ ਲਈ ਕਾਫ਼ੀ ਬਦਨਾਮ ਸੀ।

ਪੈਸੇ ਭਰੋ ਕਿਸੇ ਵੀ ਪੰਛੀ ਜਾਂ ਜਾਨਵਰ ਦਾ ਸ਼ਿਕਾਰ ਕਰੋ ਫਿਰ ਚਾਹੇ ਉਸ ਦੇ ਸ਼ਿਕਾਰ 'ਤੇ ਬੈਨ ਹੀ ਕਿਉਂ ਨਾ ਹੋਵੇ। ਕੁੱਝ ਲੋਕਾਂ ਦਾ ਮੰਨਣਾ ਹੈ ਕਿ ਗ੍ਰੇਟ ਇੰਡੀਅਨ ਬਸਟਰਡ ਦਾ ਸ਼ਿਕਾਰ ਮਾਸ ਲਈ ਹੋ ਰਿਹਾ ਹੈ ਜਦਕਿ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਇਸ ਲਈ ਹੋ ਰਿਹਾ ਹੈ ਕਿਉਂਕਿ ਇਸ ਦੇ ਨਾਲ 'ਇੰਡੀਅਨ' ਜੁੜਿਆ ਹੋਇਆ ਹੈ।

ਖ਼ੈਰ ਕਾਰਨ ਭਾਵੇਂ ਕੋਈ ਹੋਵੇ ਇਹ ਅਨੋਖਾ ਜੀਵ ਪਾਕਿਸਤਾਨ ਵਿਚ ਬੇਮੌਤ ਮਾਰਿਆ ਜਾ ਰਿਹਾ ਹੈ। ਇਸ ਪੰਛੀ ਦਾ ਨਾਂਅ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ਼ ਨੇਚਰ ਦੀ ਰੈੱਡ ਲਿਸਟ ਵਿਚ ਸ਼ਾਮਲ ਹੈ। ਜਿਸ ਦਾ ਮਤਲਬ ਇਹ ਹੈ ਕਿ ਇਹ ਪੰਛੀ ਦਾ ਦੁਨੀਆ ਤੋਂ ਖ਼ਾਤਮਾ ਬਹੁਤ ਨੇੜੇ ਹੈ। ਇਹ ਪੰਛੀ ਇੰਨੀ ਜਲਦੀ ਖ਼ਤਮ ਹੋ ਰਿਹਾ ਹੈ ਕਿ ਇਸ ਨੂੰ ਹੁਣ ਉਂਗਲਾਂ 'ਤੇ ਗਿਣਿਆ ਜਾ ਸਕਦਾ ਹੈ। ਸੋ ਇਸ ਪੰਛੀ ਨੂੰ ਬਚਾਉਣ ਲਈ ਵੱਡਾ ਹੰਭਲਾ ਮਾਰੇ ਜਾਣ ਦੀ ਲੋੜ ਹੈ।