ਬੇਰੁਜ਼ਗਾਰਾਂ ਨੂੰ ਮਿਲੇਗੀ ਰਾਹਤ! ਜੁਲਾਈ ਵਿਚ ਵਧਿਆ ਰੁਜ਼ਗਾਰ, ਘਟ ਰਹੀ ਹੈ ਬੇਰੁਜ਼ਗਾਰੀ ਦਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਲੌਕਡਾਊਨ ਵਿਚ ਢਿੱਲ ਮਿਲਣ ਦੇ ਨਾਲ ਹੀ ਰੁਜ਼ਗਾਰ ਵਿਚ ਵੀ ਇਜ਼ਾਫਾ ਹੋਣ ਲੱਗਿਆ ਹੈ।

Overall unemployment rate in July came down

ਨਵੀਂ ਦਿੱਲੀ: ਦੇਸ਼ ਵਿਚ ਲੌਕਡਾਊਨ ਵਿਚ ਢਿੱਲ ਮਿਲਣ ਦੇ ਨਾਲ ਹੀ ਰੁਜ਼ਗਾਰ ਵਿਚ ਵੀ ਇਜ਼ਾਫਾ ਹੋਣ ਲੱਗਿਆ ਹੈ। ਅਪ੍ਰੈਲ ਮਹੀਨੇ ਵਿਚ ਰੁਜ਼ਗਾਰ ਵਿਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਸੀ। ਪਰ ਹੁਣ ਇਕ ਵਾਰ ਫਿਰ ਭਰਤੀਆਂ ਵਿਚ ਤੇਜ਼ੀ ਦਿਖ ਰਹੀ ਹੈ। ਕੰਪਨੀਆਂ ਦੁਬਾਰਾ ਲੋਕਾਂ ਨੂੰ ਨੌਕਰੀਆਂ ਦੇ ਰਹੀਆਂ ਹਨ। ਲੌਕਡਾਊਨ ਤੋਂ ਬਾਅਦ ਅਰਥਵਿਵਸਥਾ ਦੁਬਾਰਾ ਪਟੜੀ ‘ਤੇ ਪਰਤ ਰਹੀ ਹੈ ਅਤੇ ਇਸ ਦੇ ਸੰਕੇਤ ਨੌਕਰੀਆਂ ਦੀ ਗਿਣਤੀ ਵਿਚ ਮਿਲ ਰਹੇ ਹਨ।

ਨੌਕਰੀਆਂ ਸਬੰਧੀ ਜਾਣਕਾਰੀ ਦੇਣ ਵਾਲੇ ਕਈ ਪੋਰਟਲਾਂ ਅਨੁਸਾਰ ਨੌਕਰੀਆਂ ਲੈਣ ਵਾਲੇ ਅਤੇ ਨੌਕਰੀਆਂ ਦੇਣ ਵਾਲੇ ਦੋਵਾਂ ਦੀ ਗਿਣਤੀ ਵਧ ਰਹੀ ਹੈ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (CMIE) ਦੀ ਰਿਪੋਰਟ ਅਨੁਸਾਰ, ਜੁਲਾਈ ਦੇ ਅੰਕੜਿਆਂ ਵਿਚ ਇਸ ਦੇ ਸੰਕੇਤ ਦਿਖੇ ਹਨ। ਜੁਲਾਈ ਵਿਚ ਬੇਰੁਜ਼ਗਾਰੀ ਦਾ ਅੰਕੜਾ 7.43 ਫੀਸਦੀ ਰਿਹਾ ਹੈ, ਜਦਕਿ ਜੂਨ ਵਿਚ ਇਹ 11 ਫੀਸਦੀ ਦੇ ਕਰੀਬ ਸੀ। ਅੰਕੜਿਆਂ ਅਨੁਸਾਰ ਜੁਲਾਈ ਵਿਚ ਸ਼ਹਿਰੀ ਅਤੇ ਪੇਂਡੂ ਦੋਵੇਂ ਇਲਾਕਿਆਂ ਵਿਚ ਰੁਜ਼ਗਾਰ ਵਧਣ ਦੇ ਸੰਕੇਤ ਹਨ।

ਜੁਲਾਈ ਵਿਚ ਸ਼ਹਿਰੀ ਬੇਰੁਜ਼ਗਾਰੀ ਜੂਨ ਦੇ 12 ਫੀਸਦੀ ਤੋਂ ਘਟ ਕੇ 11 ਫੀਸਦੀ ਦੇ ਕਰੀਬ ਪਹੁੰਚੀ ਹੈ, ਜਦਕਿ ਪੇਂਡੂ ਇਲਾਕਿਆਂ ਦੀ ਬੇਰੁਜ਼ਗਾਰੀ ਦਾ ਅੰਕੜਾ 10.5 ਫੀਸਦੀ ਦੇ ਪੱਧਰ ਤੋਂ ਘਟ ਕੇ ਜੁਲਾਈ ਵਿਚ 6.66 ਫੀਸਦੀ ਰਿਹਾ ਹੈ। ਸੀਐਮਆਈਈ ਮੁਤਾਬਕ ਅਪ੍ਰੈਲ ਵਿਚ 12.2 ਕਰੋੜ ਲੋਕ ਬੇਰੁਜ਼ਗਾਰ ਹੋ ਗਏ ਸੀ, ਜਿਨ੍ਹਾਂ ਵਿਚੋਂ 9.1 ਕਰੋੜ ਨੂੰ ਜੂਨ ਵਿਚ ਦੁਬਾਰਾ ਰੁਜ਼ਗਾਰ ਮਿਲ ਗਿਆ ਸੀ। ਦੱਸ ਦਈਏ ਕਿ  ਸੀਐਮਆਈਈ ਅਪਣੀ ਹਫ਼ਤਾਵਾਰੀ ਰਿਪੋਰਟ ਪੇਸ਼ ਕਰਦਾ ਹੈ।

ਇਹਨਾਂ ਸੂਬਿਆਂ ਵਿਚ ਵਧੀ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਦਰ

  • ਦਿੱਲੀ ਅਤੇ ਪੁਡੂਚੇਰੀ ਵਿਚ ਬੇਰੁਜ਼ਗਾਰੀ ਦਰ 20 ਫੀਸਦੀ ਤੋਂ ਜ਼ਿਆਦਾ ਦਰਜ ਕੀਤੀ ਗਈ।
  • ਜੁਲਾਈ ਵਿਚ ਦਿੱਲੀ ਦੀ ਬੇਰੁਜ਼ਗਾਰੀ 18.2 ਫੀਸਦੀ ਤੋਂ ਵਧ ਕੇ 20.3 ਫੀਸਦੀ ਹੋ ਗਈ।
  • ਪੱਛਮੀ ਬੰਗਾਲ ਵਿਚ ਬੇਰੁਜ਼ਗਾਰੀ ਦੀ ਦਰ ਜੁਲਾਈ ਵਿਚ 6.5 ਫੀਸਦੀ ਤੋਂ ਵਧ ਕੇ 6.8 ਫੀਸਦੀ ਹੋ ਗਈ।
  • ਰਾਜਸਥਾਨ ਵਿਚ ਇਹ 13.7 ਫੀਸਦੀ ਤੋਂ ਵਧ ਕੇ 15.2 ਫੀਸਦੀ ਹੋ ਗਈ।
  • ਗੋਆ ਵਿਚ 10.1 ਫੀਸਦੀ ਤੋ ਵਧ ਕੇ 17.1 ਫੀਸਦੀ ਹੋ ਗਈ।

ਇਹਨਾਂ ਸੂਬਿਆਂ ਵਿਚ ਘਟੀ ਬੇਰੁਜ਼ਗਾਰੀ ਦਰ

  • ਪੰਜਾਬ ਵਿਚ 16.8 ਫੀਸਦੀ ਤੋਂ ਘਟ ਕੇ 10.4 ਫੀਸਦੀ ਹੋ ਗਈ।
  • ਹਰਿਆਣਾ ਵਿਚ 33.6 ਫੀਸਦੀ ਤੋਂ ਘਟ ਕੇ 24.5 ਫੀਸਦੀ ਹੋ ਗਈ।
  • ਬਿਹਾਰ ਵਿਚ 19.5 ਫੀਸਦੀ ਤੋਂ 12.2 ਫੀਸਦੀ ‘ਤੇ ਆ ਗਈ।
  • ਛੱਤੀਸਗੜ੍ਹ ਵਿਚ 14.4 ਫੀਸਦੀ ਤੋਂ ਘਟ ਕੇ 9.0 ਫੀਸਦੀ ‘ਤੇ ਆ ਗਈ।

  • ਝਾਰਖੰਡ ਵਿਚ 21 ਫੀਸਦੀ ਤੋਂ ਘਟ ਕੇ 8.8 ਫੀਸਦੀ ਹੋ ਗਈ।
  • ਮਹਾਰਾਸ਼ਟਰ ਵਿਚ 9.7 ਫੀਸਦੀ ਤੋਂ 4.4 ਫੀਸਦੀ ਹੋ ਗਈ।
  • ਤਮਿਲਨਾਡੂ ਵਿਚ 13.5 ਫੀਸਦੀ ਤੋਂ 8.1 ਫੀਸਦੀ ਹੋ ਗਈ।
  • ਉੱਤਰ ਪ੍ਰਦੇਸ਼ ਵਿਚ 9.6 ਫੀਸਦੀ ਤੋਂ 5.5 ਫੀਸਦੀ ‘ਤੇ ਆ ਗਈ।