ਨੀਂਹ ਪੱਥਰ ਸਮਾਗਮ ਮੌਕੇ ਬੋਲੇ ਮੋਦੀ - ਰਾਮ ਮੰਦਰ ਤੋਂ ਨਿਕਲੇਗਾ ਭਾਈਚਾਰੇ ਦਾ ਸੁਨੇਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਯੋਧਿਆ ਵਿਚ ਰਾਮ ਮੰਦਰ ਦੀ ਨੀਂਹ ਰੱਖ ਦਿੱਤੀ ਹੈ।

PM Narendra Modi

ਅਯੋਧਿਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਯੋਧਿਆ ਵਿਚ ਰਾਮ ਮੰਦਰ ਦੀ ਨੀਂਹ ਰੱਖ ਦਿੱਤੀ ਹੈ। ਭੂਮੀ ਪੂਜਨ ਤੋਂ ਬਾਅਦ ਪੀਐਮ ਮੋਦੀ ਨੇ ਦੇਸ਼ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਅਪਣੇ ਭਾਸ਼ਣ ਦੀ ਸ਼ੁਰੂਆਤ ਰਾਮ-ਸੀਤਾ ਦੇ ਨਾਅਰਿਆਂ ਨਾਲ ਕੀਤੀ। ਪੀਐਮ ਮੋਦੀ ਨੇ ਇਸ ਮੌਕੇ ਰਾਮ ਭਗਤਾਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਰਾਮ ਮੰਦਰ ਦਾ ਭੂਮੀ ਪੂਜਨ ਕਰਨਾ ਉਹਨਾਂ ਦੀ ਖੁਸ਼ਕਿਸਮਤੀ ਹੈ।

ਪੀਐਮ ਮੋਦੀ ਨੇ ਕਿਹਾ, ‘ਅੱਜ ਸ੍ਰੀ ਰਾਮ ਦੀ ਇਹ ਗੂੰਜ ਸਿਰਫ਼ ਰਾਮ-ਸੀਤਾ ਦੀ ਧਰਤੀ ਵਿਚ ਹੀ ਨਹੀਂ ਸੁਣਾਈ ਦੇ ਰਹੀ, ਬਲਕਿ ਇਸ ਦੀ ਗੂੰਜ ਪੂਰੇ ਵਿਸ਼ਵ ਵਿਚ ਹੈ। ਸਾਰੇ ਦੇਸ਼ਵਾਸੀਆਂ ਨੂੰ, ਵਿਸ਼ਵ ਵਿਚ ਫੈਲੇ ਕਰੋੜਾਂ ਰਾਮ ਭਗਤਾਂ ਨੂੰ ਅੱਜ ਦੇ ਇਸ ਸ਼ੁੱਭ ਮੌਕੇ ‘ਤੇ ਵਧਾਈ’। ਉਹਨਾਂ ਨੇ ਕਿਹਾ, ‘ਇਹ ਮੇਰੀ ਖੁਸ਼ਕਿਸਮਤੀ ਹੈ ਕਿ ਸ੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਮੈਨੂੰ ਸੱਦਾ ਦਿੱਤਾ, ਇਸ ਇਤਿਹਾਸਕ ਪਲ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ। ਮੈਂ ਇਸ ਦੇ ਲਈ ਤਹਿ ਦਿਲੋਂ ਸ੍ਰੀ ਰਾਮ ਜਨਮ ਭੂਮੀ ਖੇਤਰ ਟਰੱਸਟ ਦਾ ਸ਼ੁਕਰੀਆ ਕਰਦਾ ਹਾਂ’।

ਪੀਐਮ ਮੋਦੀ ਨੇ ਕਿਹਾ ਕਿ ਅੱਜ ਸਦੀਆਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਉਹਨਾਂ ਕਿਹਾ ਕਿ ਰਾਮ ਮੰਦਰ ਦੀ ਹੋਂਦ ਨੂੰ ਖਤਮ ਕਰਨ ਦੀ ਬਹੁਤ ਕੋਸ਼ਿਸ਼ ਹੋਈ ਪਰ ਰਾਮ ਅੱਜ ਵੀ ਸਾਡੇ ਮਨ ਵਿਚ ਵਸੇ ਹਨ।  ਦੱਸ ਦਈਏ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।

ਉਹਨਾਂ ਨੇ ਟਵੀਟ ਕੀਤਾ ‘ਅਯੋਧਿਆ ਵਿਚ ਰਾਮ ਮੰਦਰ ਨਿਰਮਾਣ ਸਦੀਆਂ ਤੋਂ ਦੁਨੀਆਂ ਭਰ ਦੇ ਹਿੰਦੂਆਂ ਦੇ ਵਿਸ਼ਵਾਸ ਦਾ ਪ੍ਰਤੀਕ ਰਿਹਾ ਹੈ। ਅੱਜ ਪੀਐਮ ਮੋਦੀ ਅਤੇ ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਨੇ ਰਾਮ ਮੰਦਰ ਦਾ ਭੂਮੀ ਪੂਜਨ ਕਰਕੇ ਕਰੋੜਾਂ ਲੋਕਾਂ ਦੇ ਵਿਸ਼ਵਾਸ ਦਾ ਸਨਮਾਨ ਕਰਨ ਦਾ ਕੰਮ ਕੀਤਾ ਹੈ, ਇਸ ਦੇ ਲਈ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ’।