85 ਸਾਲ ਦੀ ਦਾਦੀ ਰੋਜ਼ਾਨਾ ਚਲਾਉਂਦੀ ਹੈ 35 ਕਿਲੋਮੀਟਰ ਸਾਇਕਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

85 ਸਾਲ ਦੀ ਵਿਜੇਲਕਸ਼ਮੀ ਅਰੋੜਾ ਸਾਇਕਲ ਚਲਾਉਂਦੀ ਹੈ ਅਤੇ ਇਸੇ ਕਾਰਨ ਉਸ ਨੇ ਅਪਣੇ ਆਪ ਨੂੰ ਸਰੀਰਕ ਤੌਰ ਤੇ ਫਿਟ ਰੱਖਿਆ ਹੋਇਆ ਹੈ।

vijaylakshmi Arora

ਜਗਦਲਪੁਰ , ( ਭਾਸ਼ਾ ) : ਜਿਸ ਉਮਰ ਵਿਚ ਆਮ ਇਨਸਾਨ ਦਾ ਸਰੀਰ ਸਰੀਰਕ ਗਤੀਵਿਧੀਆਂ  ਤੋਂ ਜਵਾਬ ਦੇ ਜਾਂਦਾ ਹੈ ਉਸ ਉਮਰ ਵਿਚ ਛਤੀਸਗੜ੍ਹ ਦੇ ਬਸਤਰ ਵਿਖੇ ਰਹਿਣ ਵਾਲੀ 85 ਸਾਲ ਦੀ ਵਿਜੇਲਕਸ਼ਮੀ ਅਰੋੜਾ ਸਾਇਕਲ ਚਲਾਉਂਦੀ ਹੈ ਅਤੇ ਇਸੇ ਕਾਰਨ ਉਸ ਨੇ ਅਪਣੇ ਆਪ ਨੂੰ ਸਰੀਰਕ ਤੌਰ ਤੇ ਫਿਟ ਰੱਖਿਆ ਹੋਇਆ ਹੈ। ਸਾਇਕਲ ਤੋਂ ਉਸ ਦਾ ਇਹ ਸਫਰ 35 ਕਿਲੋਮੀਟਰ ਦਾ ਹੁੰਦਾ ਹੈ। ਵਿਜੇਲਕਸ਼ਮੀ ਅਰੋੜਾ ਸਾਇਕਲ ਦੀ ਸਵਾਰੀ ਪਿਛਲੇ 50 ਸਾਲਾਂ ਤੋਂ ਕਰ ਰਹੀ  ਹੈ।

ਰੋਜ਼ਾਨਾ 35 ਕਿਲੋਮੀਟਰ ਦੀ ਦੂਰੀ ਤੈਅ ਕਰਨਾ ਉਨ੍ਹਾਂ ਦੀ ਰੋਜ਼ਾਨਾ ਜਿੰਦਗੀ ਦਾ ਹਿੱਸਾ ਹੈ। ਵਿਜੇਲਕਸ਼ਮੀ ਦਾ ਕਹਿਣਾ ਹੈ ਕਿ 35 ਸਾਲ ਦੀ ਉਮਰ ਵਿਚ ਇਕ ਵਾਰ ਉਹ ਬੀਮਾਰ ਪਈ ਸੀ ਤੇ ਉਸ ਵੇਲੇ ਉਸ ਨੂੰ ਤੰਦਰੁਸਤੀ ਦਾ ਮਹੱਤਵ ਚੰਗੀ ਤਰ੍ਹਾਂ ਸਮਝ ਵਿਚ ਆ ਗਿਆ। ਉਸ ਤੋਂ ਬਾਅਦ ਅੱਜ ਤੱਕ ਉਹ ਬੀਮਾਰ ਨਹੀਂ ਪਈ। ਉਨ੍ਹਾਂ ਦੇ ਸਾਰੇ ਦੰਦ ਵੀ ਸਲਾਮਤ ਹਨ। ਸ਼ੁਰੂਆਤ ਵਿਚ ਪਰਵਾਰ ਵਾਲਿਆਂ ਅਤੇ ਉਨ੍ਹਾਂ ਦੇ ਹਾਣ ਦੀਆਂ ਔਰਤਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ। ਉਨ੍ਹਾਂ ਦਾ ਮਜ਼ਾਕ ਵੀ ਬਣਾਇਆ ਪਰ ਉਨ੍ਹਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ।

ਬੱਚੇ ਉਨਾਂ ਨੂੰ ਸਾਇਕਲ ਵਾਲੀ ਦਾਦੀ ਕਹਿੰਦੇ ਹਨ। ਉਨ੍ਹਾਂ ਤੋਂ ਹੀ ਪ੍ਰੇਰਣਾ ਲੈ ਕੇ ਉਨ੍ਹਾਂ ਦਾ ਪੋਤਰਾ ਜਿਮ ਚਲਾ ਰਿਹਾ ਹੈ। ਬਸਤਰ ਸੰਭਾਗ ਦੇ ਹਾਟਕਚੌਰਾ ਖੇਤਰ ਦੀ ਨਿਵਾਸੀ ਵਿਜੇਲਕਸ਼ਮੀ ਦਾ ਵਿਆਹ ਸਾਲ 1952 ਵਿਚ ਆਯੁਰਵੈਦਿਕ ਡਾਕਟਰ ਸੁਦਰਸ਼ਨ ਪਾਲ ਅਰੋੜਾ ਨਾਲ ਹੋਇਆ ਸੀ। 1968 ਵਿਚ ਜਦ ਵਿਜੇਲਕਸ਼ਮੀ ਦੀ ਸਿਹਤ ਖਰਾਬ ਹੋਈ ਤਾਂ ਸੁਦਰਸ਼ਨ ਉਨਾਂ ਨੂੰ ਗੋਰਖਪੁਰ ਵਿਖੇ ਆਯੋਗਯ ਧਾਮ ਲੈ ਗਏ। ਉਥੇ ਡਾਕਟਰ ਕੇ.ਕੇ.ਮੋਦੀ ਨੇ ਉਨ੍ਹਾਂ ਨੂੰ ਨਿਯਮਤ ਕਸਰਤ ਕਰਨ ਦੀ ਸਲਾਹ ਦਿਤੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਅਪਣੀ ਜਿੰਦਗੀ ਦਾ ਹਿੱਸਾ ਬਣਾ ਲਿਆ ਤੇ ਇਹ ਕ੍ਰਮ ਅੱਜ ਵੀ ਜ਼ਾਰੀ ਹੈ।