ਚੋਣ ਮੈਦਾਨ 'ਚ ਨਿੱਤਰੀ ਗੈਂਗਸਟਰ ਆਨੰਦਪਾਲ ਦੀ ਬੇਟੀ, ਵਧਾਈ ਵਸੁੰਧਰਾ ਦੀ ਟੈਂਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਵੇਂ ਕਿ ਰਾਜਸਥਾਨ ਪੁਲਿਸ ਨੇ ਪਿਛਲੇ ਜੂਨ ਮਹੀਨੇ ਗੈਂਗਸਟਰ ਆਨੰਦਪਾਲ ਸਿੰਘ ਦਾ ਐਨਕਾਊਂਟਰ ਕਰ ਦਿਤਾ ਸੀ, ਪਰ ਮੁੱਖ ਮੰਤਰੀ ਵੰਸੁਧਰਾ ਰਾਜੇ ਨੂੰ....

Gangster Anandpal's daughter in the election field

ਰਾਜਸਥਾਨ (ਭਾਸ਼ਾ) : ਭਾਵੇਂ ਕਿ ਰਾਜਸਥਾਨ ਪੁਲਿਸ ਨੇ ਪਿਛਲੇ ਜੂਨ ਮਹੀਨੇ ਗੈਂਗਸਟਰ ਆਨੰਦਪਾਲ ਸਿੰਘ ਦਾ ਐਨਕਾਊਂਟਰ ਕਰ ਦਿਤਾ ਸੀ, ਪਰ ਮੁੱਖ ਮੰਤਰੀ ਵੰਸੁਧਰਾ ਰਾਜੇ ਨੂੰ ਪਤਾ ਨਹੀਂ ਸੀ ਕਿ ਉਸ ਦਾ ਭੂਤ ਫਿਰ ਉਨ੍ਹਾਂ ਨੂੰ ਪਰੇਸ਼ਾਨ ਕਰਨ ਲਈ ਆ ਜਾਵੇਗਾ। ਦਰਅਸਲ ਰਾਜਸਥਾਨ ਵਿਚ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹੈ। ਭਾਜਪਾ ਹੋਵੇ ਜਾਂ ਵਿਰੋਧੀ ਕਾਂਗਰਸ ਦੋਵੇਂ ਹੀ ਆਪੋ-ਅਪਣੀ ਜਿੱਤ ਲਈ ਨਵੀਂ ਤੋਂ ਨਵੀਂ ਚੋਣ ਰਣਨੀਤੀ ਅਪਣਾ ਰਹੀਆਂ ਹਨ। ਅਜਿਹੇ ਵਿਚ ਭਾਜਪਾ ਲਈ ਇਕ ਪਰੇਸ਼ਾਨ ਕਰਨ ਵਾਲੀ ਖ਼ਬਰ ਆਈ ਹੈ।

ਖ਼ਬਰ ਇਹ ਹੈ ਕਿ ਗੈਂਗਸਟਰ ਆਨੰਦਪਾਲ ਸਿੰਘ ਦੀ ਬੇਟੀ ਯੋਗਿਤਾ ਸਿੰਘ ਵੀ ਹੁਣ ਚੋਣ ਮੈਦਾਨ ਵਿਚ ਉਤਰ ਆਈ ਹੈ ਜੋ ਭਾਜਪਾ ਵਿਰੁਧ ਪ੍ਰਚਾਰ ਕਰਨ ਵਿਚ ਲੱਗੀ ਹੋਈ ਹੈ।ਦਰਅਸਲ ਭਾਜਪਾ ਪਹਿਲਾਂ ਹੀ ਰਾਜਸਥਾਨ 'ਚ ਰਾਜਪੂਤਾਂ ਦੀ ਨਾਰਾਜ਼ਗੀ ਤੋਂ ਪਰੇਸ਼ਾਨ ਹੈ, ਇਸ ਦੌਰਾਨ ਹੁਣ ਜਦੋਂ ਗੈਂਗਸਟਰ ਆਨੰਦਪਾਲ ਸਿੰਘ ਦੀ ਬੇਟੀ ਨੇ ਚੋਣ ਮੈਦਾਨ ਵਿਚ ਐਂਟਰੀ ਮਾਰ ਦਿਤੀ ਹੈ ਤਾਂ ਭਾਜਪਾ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਸ ਨਾਲ ਭਾਜਪਾ ਦੇ ਰਣਨੀਤੀਕਾਰ ਵੀ ਪਰੇਸ਼ਾਨ ਹਨ। ਪਾਰਟੀ ਨੂੰ ਡਰ ਹੈ ਕਿ ਕਿਤੇ ਕਾਂਗਰਸ ਨੂੰ ਇਸ ਦਾ ਫ਼ਾਇਦਾ ਨਾ ਮਿਲ ਜਾਵੇ।

ਦੂਜੇ ਪਾਸੇ ਕਾਗਰਸ ਨੂੰ ਵੀ ਲਗ ਰਿਹਾ ਹੈ ਕਿ ਯੋਗਿਤਾ ਸਿੰਘ ਦੇ ਆਉਣ ਨਾਲ ਪਾਰਟੀ ਨੂੰ ਫ਼ਾਇਦਾ ਹੋ ਸਕਦਾ ਹੈ। ਕਿਉਂਕਿ ਯੋਗਿਤਾ ਦੇ ਆਉਣ ਨਾਲ ਸੀਕਰ, ਚੁਰੂ ਸਮੇਤ ਰਾਜਪੂਤ ਬਹੁਗਿਣਤੀ ਵਾਲੇ ਇਲਾਕਿਆਂ ਦੀਆਂ ਕਈ ਸੀਟਾਂ 'ਤੇ ਅਸਰ ਹੋ ਸਕਦਾ ਹੈ। ਇਸ ਤੋਂ ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਰਾਜਸਥਾਨ ਚੋਣਾਂ ਵਿਚ ਗੈਂਗਸਟਰ ਆਨੰਦਪਾਲ ਸਿੰਘ ਦੀ ਮਾਂ ਨਿਰਮਲ ਕੰਵਰ ਨੂੰ ਕਾਂਗਰਸ ਤੋਂ ਟਿਕਟ ਮਿਲ ਸਕਦਾ ਹੈ, ਪਰ ਅਜਿਹਾ ਨਹੀਂ ਹੋਇਆ ਤਾਂ ਨਿਰਮਲ ਕੰਵਰ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ।

ਹਾਲਾਂਕਿ ਬਾਅਦ ਵਿਚ ਕਿਸੇ ਵਜ੍ਹਾ ਕਰਕੇ ਉਨ੍ਹਾਂ ਨੇ ਅਪਣੀ ਨਾਮਜ਼ਦਗੀ ਵਾਪਸ ਲੈ ਲਈ। ਰਾਜਸਥਾਨ ਦੇ ਰਾਜਪੂਤ ਬਹੁਗਿਣਤੀ ਵਾਲੇ ਖੇਤਰਾਂ ਵਿਚ ਗੈਂਗਸਟਰ ਆਨੰਦਪਾਲ ਸਿੰਘ ਨੂੰ ਕਾਫ਼ੀ ਸਤਿਕਾਰ ਦਿਤਾ ਜਾਂਦਾ ਹੈ ਕਿਉਂਕਿ ਉਸ ਨੇ ਕਦੇ ਗ਼ਰੀਬਾਂ ਨੂੰ ਪਰੇਸ਼ਾਨ ਨਹੀਂ ਸੀ ਕੀਤਾ। ਇੱਥੋਂ ਤਕ ਕਿ ਉਹ ਗ਼ਰੀਬ ਲੋਕਾਂ ਦੀਆਂ ਬੇਟੀਆਂ ਦੇ ਵਿਆਹ ਵੀ ਕਰਵਾਉਂਦਾ ਸੀ। ਇਸ ਤੋਂ ਇਲਾਵਾ ਫਿਲਮ ਪਦਮਾਵਤ ਦੀ ਰਿਲੀਜ਼ ਨੂੰ ਲੈ ਕੇ ਵੀ ਰਾਜਪੂਤ ਭਾਈਚਾਰੇ ਵਿਚ ਸੱਤਾਧਾਰੀ ਭਾਜਪਾ ਵਿਰੁਧ ਗੁੱਸਾ ਹੈ।

ਦਸ ਦਈਏ ਕਿ ਯੋਗਿਤਾ ਸਿੰਘ ਦੇ ਪਿਤਾ ਗੈਂਗਸਟਰ ਆਨੰਦਪਾਲ ਸਿੰਘ ਨੂੰ ਇਕ ਸਾਲ ਪਹਿਲਾਂ ਪੁਲਿਸ ਨੇ ਇਕ ਐਨਕਾਊਂਟਰ ਵਿਚ ਮਾਰ ਦਿਤਾ ਸੀ। ਆਨੰਦਪਾਲ ਦੇ ਪਰਵਾਰ ਦਾ ਦੋਸ਼ ਹੈ ਕਿ ਸਰਕਾਰ ਦੇ ਦਬਾਅ ਵਿਚ ਪੁਲਿਸ ਨੇ ਇਹ ਐਨਕਾਊਂਟਰ ਕੀਤਾ ਸੀ। ਇੰਨਾ ਹੀ ਨਹੀਂ, ਰਾਜਪੂਤ ਸਮਾਜ ਨੇ ਇਸ ਦਾ ਵਿਰੋਧ ਕਰਦਿਆਂ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਸੀ। ਭਾਜਪਾ ਭਾਵੇਂ ਕਿੰਨੇ ਹੀ ਜਿੱਤ ਦੇ ਦਾਅਵੇ ਕਰਦੀ ਹੋਵੇ ਪਰ ਰਾਜਸਥਾਨ ਵਿਚ ਗੈਂਗਸਟਰ ਦੀ ਇਕ ਬੇਟੀ ਨੇ ਉਥੋਂ ਦੀ ਮਹਾਰਾਣੀ ਦੀਆਂ ਚਿੰਤਾਵਾਂ ਵਧਾ ਦਿਤੀਆਂ ਹਨ।