ਜੇ ਸਿੱਧੂ ਗ਼ੱਦਾਰ ਹੈ ਤਾਂ ਕੀ ਪੀਐਮ ਮੋਦੀ ਚੋਰ ਜਾਂ ਬਲਾਤਕਾਰੀ ਹਨ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਦੌਰਾਨ  ਖ਼ਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨਾਲ ਸਾਹਮਣੇ ਆਈ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਨਵੀਂ ਦਿੱਲੀ (ਭਾਸ਼ਾ) : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਦੌਰਾਨ  ਖ਼ਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨਾਲ ਸਾਹਮਣੇ ਆਈ ਤਸਵੀਰ 'ਤੇ ਕਾਫ਼ੀ ਰੌਲਾ ਪਾਇਆ ਜਾ ਰਿਹੈ। ਇੱਥੋਂ ਤਕ ਕਿ ਉਨ੍ਹਾਂ ਦੇ ਕੁੱਝ ਵਿਰੋਧੀ ਤਾਂ ਸਿੱਧੂ ਨੂੰ ਗ਼ੱਦਾਰ ਤਕ ਆਖ ਚੁੱਕੇ ਹਨ, ਪਰ ਸਵਾਲ ਇਹ ਪੈਦਾ ਹੁੰਦੈ ਕਿ ਜੇਕਰ ਇਸ ਤਰ੍ਹਾਂ ਕਿਸੇ ਮੁਲਜ਼ਮ ਨਾਲ ਤਸਵੀਰ ਖਿਚਵਾਉਣ ਵਾਲਾ ਵੀ ਮੁਲਜ਼ਮ ਹੋ ਜਾਂਦਾ ਹੈ ਤਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਹੋਰ ਕਈ ਨੇਤਾ ਵੀ ਇਸ ਦਾਇਰੇ ਵਿਚ ਆਉਂਦੇ ਹਨ? ਇਸ ਤਸਵੀਰ ਨੂੰ ਧਿਆਨ ਨਾਲ ਦੇਖੋ।

ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿੱਛੇ ਵਾਲੀ ਲਾਈਨ ਵਿਚ ਦੇਸ਼ ਦੀ ਬੈਂਕ ਨਾਲ ਵੱਡਾ ਘਪਲਾ ਕਰਕੇ ਫ਼ਰਾਰ ਹੋਏ ਮੁਲਜ਼ਮ ਨੀਰਵ ਮੋਦੀ ਖੜ੍ਹੇ ਦਿਖਾਈ ਦੇ ਰਹੇ ਹਨ। ਕੀ ਇਸ ਨਾਲ ਤਸਵੀਰ ਤੋਂ ਬਾਅਦ ਪੀਐਮ ਮੋਦੀ ਨੂੰ ਵੀ ਚੋਰ ਕਿਹਾ ਜਾ ਸਕਦਾ ਹੈ? ਹੁਣ ਇਸ ਦੂਜੀ ਤਸਵੀਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬਲਾਤਕਾਰ ਦੇ ਦੋਸ਼ੀ ਆਸਾਰਾਮ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ, ਤਾਂ ਕੀ ਹੁਣ ਪ੍ਰਧਾਨ ਮੰਤਰੀ 'ਤੇ ਵੀ ਇਹ ਦੋਸ਼ ਮੜ੍ਹ ਦਿਤਾ ਜਾਵੇਗਾ? ਇਸ ਤੋਂ ਪਹਿਲਾਂ ਸਿੱਧੂ ਵਲੋਂ ਪਾਕਿਸਤਾਨ ਦੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਪਾਈ ਜੱਫ਼ੀ 'ਤੇ ਵੀ ਵੱਡਾ ਵਿਵਾਦ ਖੜ੍ਹਾ ਕੀਤਾ ਗਿਆ ਸੀ।

ਜਦਕਿ ਕਰਤਾਰਪੁਰ ਲਾਂਘੇ ਦਾ ਖੁੱਲ੍ਹਣਾ ਉਸ ਜੱਫ਼ੀ ਦਾ ਹੀ ਨਤੀਜਾ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਵਾਜ਼ ਸ਼ਰੀਫ਼ ਨਾਲ ਗਲਵਕੜੀ ਪਾਉਣ ਦੀਆਂ ਵੀ ਤਸਵੀਰਾਂ ਹਨ। ਜੋ ਪੀਐਮ ਮੋਦੀ ਵਲੋਂ ਦੋਵੇਂ ਦੇਸ਼ਾਂ ਵਿਚਕਾਰ ਦੋਸਤੀ ਵਧਾਉਣ ਦੇ ਮਕਸਦ ਨਾਲ ਪਾਈ ਗਈ ਸੀ, ਜਦੋਂ ਪ੍ਰਧਾਨ ਮੰਤਰੀ ਮੋਦੀ ਦੋਵੇਂ ਦੇਸ਼ਾਂ ਵਿਚਕਾਰ ਸਹਿਯੋਗ ਵਧਾਉਣ ਲਈ ਨਵਾਜ਼ ਸ਼ਰੀਫ਼ ਨੂੰ ਜੱਫ਼ੀ ਪਾ ਸਕਦੇ ਹਨ ਤਾਂ ਫਿਰ ਨਵਜੋਤ ਸਿੱਧੂ ਦੀ ਜੱਫ਼ੀ ਅਤੇ ਪਾਕਿ ਫੇਰੀ 'ਤੇ ਵਿਵਾਦ ਖੜ੍ਹਾ ਕਰਨ ਦਾ ਕੋਈ ਮਤਲਬ ਨਹੀਂ ਬਣਦਾ, ਜਦਕਿ ਉਸ ਨਾਲ ਸਿੱਖਾਂ ਦੀ 70 ਸਾਲ ਪੁਰਾਣੀ ਮੰਗ ਪੂਰੀ ਹੋਣ ਜਾ ਰਹੀ ਹੈ।

ਬਰਗਾੜੀ ਮੋਰਚੇ ਦੇ ਪ੍ਰਮੁੱਖ ਆਗੂ ਬਲਜੀਤ ਸਿੰਘ ਦਾਦੂਵਾਲ ਨੇ ਵੀ ਨਵਜੋਤ ਸਿੱਧੂ ਦਾ ਪੱਖ ਪੂਰਦਿਆਂ ਆਖਿਆ ਹੈ ਕਿ ਜੋ ਲੋਕ ਨਵਜੋਤ ਸਿੱਧੂ ਵਿਰੁਧ ਬਿਆਨਬਾਜ਼ੀ ਕਰ ਰਹੇ ਹਨ। ਉਹ ਸਾਰੇ ਸਿੱਖ ਵਿਰੋਧੀ ਹਨ। ਕਿਉਂਕਿ ਸਿੱਧੂ ਵਲੋਂ ਕਰਤਾਰਪੁਰ ਲਾਂਘੇ ਲਈ ਨਿਭਾਈ ਭੂਮਿਕਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਦਸ ਦਈਏ ਕਿ ਨਵਜੋਤ ਸਿੱਧੂ ਨੇ ਕਰਤਾਰਪੁਰ ਲਾਂਘੇ ਸਬੰਧੀ ਅਹਿਮ ਭੂਮਿਕਾ ਨਿਭਾਅ ਕੇ ਸਿੱਖਾਂ ਦੇ ਦਿਲਾਂ ਵਿਚ ਅਪਣੀ ਥਾਂ ਬਣਾਈ ਹੈ, ਪਰ ਵਿਰੋਧੀਆਂ ਵਲੋਂ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਸੋਸ਼ਲ ਮੀਡੀਆ 'ਤੇ ਵੱਖ-ਵੱਖ ਤਰੀਕਿਆਂ ਜ਼ਰੀਏ ਸਿੱਧੂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ।