JNU: ਪੁਲਿਸ ਨੇ 16 ਘੰਟਿਆਂ ਬਾਅਦ ਦਰਜ ਕੀਤੀ FIR, CCTV ਫੁਟੇਜ ਦੀ ਹੋਵੇਗੀ ਜਾਂਚ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਹੋਈ ਹਿੰਸਾ ਮਾਮਲੇ ਵਿਚ 16 ਘੰਟੇ ਬਾਅਦ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਨਵੀਂ ਦਿੱਲੀ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਹੋਈ ਹਿੰਸਾ ਮਾਮਲੇ ਵਿਚ 16 ਘੰਟੇ ਬਾਅਦ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਕੇਸ ਨੂੰ ਕ੍ਰਾਈਮ ਬ੍ਰਾਂਚ ਨੂੰ ਸੌਂਪਿਆ ਗਿਆ ਹੈ। ਪੁਲਿਸ ਮੁਤਾਬਕ ਹਮਲਾਵਰਾਂ ਦੀ ਪਛਾਣ ਵੀ ਕਰ ਲਈ ਗਈ ਹੈ। ਦਿੱਲੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਅਰੋਪੀਆਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।
ਇਸੇ ਦੌਰਾਨ 23 ਜ਼ਖਮੀਆਂ ਨੂੰ ਏਮਜ਼ ਤੋਂ ਛੁੱਟੀ ਮਿਲ ਗਈ ਹੈ। ਇਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪਰ ਹਾਲੇ ਵੀ ਕਈ ਵਿਦਿਆਰਥੀਆਂ ਦਾ ਇਲਾਜ ਏਮਜ਼ ਵਿਚ ਚੱਲ ਰਿਹਾ ਹੈ। ਜੇਐਨਯੂ ਕੈਂਪਸ ਵਿਚ ਕੁਝ ਦੇਰ ਦੀ ਸ਼ਾਂਤੀ ਤੋਂ ਬਾਅਦ ਸੋਮਵਾਰ ਸਵੇਰੇ ਤਣਾਅ ਫਿਰ ਵਧ ਗਿਆ।
ਇਸ ਘਟਨਾ ਦੇ ਵਿਰੋਧ ਵਿਚ ਭਾਰਤ ਦੀਆਂ ਵੱਖ ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਦੱਸ ਦਈਏ ਕਿ ਐਤਵਾਰ ਸ਼ਾਮ ਕਰੀਬ 5 ਵਜੇ ਤੋਂ ਬਾਅਦ ਜੇਐਨਯੂ ਵਿਚ ਹਿੰਸਾ ਸ਼ੁਰੂ ਹੋਈ ਸੀ। ਲਾਠੀਆਂ ਅਤੇ ਡੰਡਿਆਂ ਨਾਲ ਲੈਸ ਕਰੀਬ 50 ਨਕਾਬਪੋਸ਼ਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ‘ਤੇ ਹਮਲਾ ਕਰ ਦਿੱਤਾ।
ਹਮਲਾਵਰਾਂ ਵਿਚ ਲੜਕੀਆਂ ਵੀ ਸ਼ਾਮਲ ਸਨ। ਅਰੋਪੀਆਂ ਨੇ ਹੋਸਟਲ ਵਿਚ ਭੰਨ ਤੋੜ ਕੀਤੀ ਅਤੇ ਉੱਥੇ ਖੜ੍ਹੀਆਂ ਕਾਰਾਂ ਨੂੰ ਵੀ ਤੋੜ ਦਿੱਤਾ। ਇਸ ਹਮਲੇ ਵਿਚ JNUSU ਪ੍ਰਧਾਨ ਆਈਸ਼ੀ ਘੋਸ਼ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਹਮਲੇ ਵਿਚ ਕੁਲ 24 ਲੋਕ ਜ਼ਖਮੀ ਹੋ ਗਏ। ਪੁਲਿਸ ਮੁਤਾਬਕ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਸੀਸੀਟੀਵੀ ਫੁਟੇਜ ਦੀ ਜਾਂਚ ਵੀ ਜਾਰੀ ਹੈ। ਦੱਸ ਦਈਏ ਕਿ ਇਸ ਘਟਨਾ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਪਣੀ ਰਿਹਾਇਸ਼ ਵਿਖੇ ਇਕ ਖ਼ਾਸ ਬੈਠਕ ਕੀਤੀ ਹੈ। ਇਸ ਘਟਨਾ ਤੋਂ ਬਾਅਦ ਵੱਖ-ਵੱਖ ਸਿਆਸੀ ਧਿਰਾਂ ਇਕ ਦੂਜੇ ‘ਤੇ ਨਿਸ਼ਾਨੇ ਲਗਾ ਰਹੀਆਂ ਹਨ।