ਦਿੱਲੀ ਵਿਚ 'ਆਪ' ਨੇ ਬਣਾਏ ਭਾਜਪਾ ਦੇ 7 ਮੁੱਖ ਮੰਤਰੀ, ਛਪਵਾਏ ਪੋਸਟਰ

ਏਜੰਸੀ

ਖ਼ਬਰਾਂ, ਰਾਜਨੀਤੀ

ਦਿੱਲੀ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ।

Photo 1

ਨਵੀਂ ਦਿੱਲੀ: ਦਿੱਲੀ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਇਹਨਾਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਇਕ ਦੂਜੇ ‘ਤੇ ਹਮਲੇ ਕਰ ਰਹੇ ਹਨ। ਨਵੇਂ ਸਾਲ ਦੀ ਵਧਾਈ ਦੇ ਬਹਾਨੇ ਆਮ ਆਦਮੀ ਪਾਰਟੀ ਨੇ ਭਾਜਪਾ ਦੇ ਮੁੱਖ ਮੰਤਰੀ ਉਮੀਦਵਾਰਾਂ ਦੀ ਦੌੜ ਵਿਚ ਸ਼ਾਮਲ ਆਗੂਆਂ ‘ਤੇ ਪੋਸਟਰ ਲਗਾ ਕੇ ਹਮਲਾ ਬੋਲਿਆ ਹੈ।

‘ਆਪ’ ਵੱਲੋਂ ਮਿੰਟੋ ਰੋਡ ‘ਤੇ ਲਗਵਾਏ ਗਏ ਪੋਸਟਰ ਵਿਚ ਨਵੇਂ ਸਾਲ 2020 ਦੀ ਵਧਾਈ ਦਿੰਦੇ ਹੋਏ ਲਿਖਿਆ ਗਿਆ ਹੈ ਕਿ ਭਾਜਪਾ ਦੇ ਸੱਤ ਮੁੱਖ ਮੰਤਰੀ ਉਮੀਦਵਾਰਾਂ ਨੂੰ ਨਵੇਂ ਸਾਲ ਦੀ ਵਧਾਈ। ਆਪ ਦੇ ਇਕ ਸੀਨੀਆ ਆਗੂ ਦਾ ਕਹਿਣਾ ਹੈ ਕਿ ਭਾਜਪਾ ਦੇ ਮੁੱਖ ਮੰਤਰੀ ਬਣਨ ਲਈ ਕਈ ਦਾਅਵੇਦਾਰ ਹਨ। ਵੱਖ-ਵੱਖ ਵਧਾਈ ਦੇਣਾ ਠੀਕ ਨਹੀਂ ਰਹਿੰਦਾ ਇਸ ਲਈ ਇਕੱਠਿਆਂ ਨੂੰ ਵਧਾਈ ਦਿੱਤੀ ਗਈ ਹੈ।

‘ਆਪ’ ਵੱਲੋਂ ਇਸ ‘ਤੇ ਖੁੱਲ੍ਹ ਕੇ ਬੋਲਣ ਲਈ ਕੋਈ ਵੀ ਤਿਆਰ ਨਹੀਂ ਹੈ। ਪਰ ਪਾਰਟੀ ਕਈ ਦਿਨਾਂ ਤੋਂ  ਭਾਜਪਾ ਦੇ ਮੁੱਖ ਮੰਤਰੀ ਉਮੀਦਵਾਰਾਂ ਦਾ ਚਿਹਰਾ ਐਲਾਨ ਕਰਨ ਦੀ ਮੰਗ ਕਰ ਰਹੀ ਹੈ। ਆਪ ਵੱਲੋਂ ਜਿਨ੍ਹਾਂ ਸੱਤ ਆਗੂਆਂ ਦੇ ਨਾਂਅ ਪੋਸਟਰ ਵਿਚ ਲਿਖੇ ਗਏ ਹਨ।

ਉਹਨਾਂ ਵਿਚ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ, ਡਾਕਟਰ ਹਰਸ਼ਵਰਧਨ, ਹਰਦੀਪ ਸਿੰਘ ਪੁਰੀ, ਰਾਜ ਸਭਾ ਮੈਂਬਰ ਵਿਜੈ ਗੋਇਲ, ਸੰਸਦ ਮੈਂਬਰ ਗੌਤਮ ਗੰਭੀਰ, ਪ੍ਰਵੇਸ਼ ਸਾਹਿਬ ਸਿੰਘ ਵਰਮਾ ਅਤੇ ਦਿੱਲੀ ਵਿਧਾਨ ਸਭਾ ਆਗੂ ਵਿਜੇਂਦਰ ਗੁਪਤਾ ਸ਼ਾਮਲ ਹਨ। ਇਸ ਪੋਸਟਰ ‘ਤੇ ਭਾਜਪਾ ਦੇ ਰਾਜ ਸਭਾ ਮੈਂਬਰ ਵਿਜੈ ਗੋਇਲ ਦਾ ਕਹਿਣਾ ਹੈ ਕਿ ਆਪ ਬੌਖਲਾਈ ਹੋਈ ਹੈ। ਉਹਨਾਂ ਕੋਲ ਕੋਈ ਕੰਮ ਨਹੀਂ ਹੈ।