ਕਿਤੇ ਆਇਆ ਭੂਚਾਲ ਤਾਂ ਕਿਤੇ ਹੋਈ ਬਰਫ਼ਬਾਰੀ, ਜਾਣੋ ਕਿਵੇਂ ਮੌੌਸਮ ਬਦਲ ਰਿਹਾ ਹੈ ਕਰਵਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਭਾਰਤ ਵਿਚ ਅਗਲੇ ਦੋ ਦਿਨਾਂ ਤੱਕ ਬਾਰਿਸ਼ ਹੋਣ ਦੇ ਆਸਾਰ-ਮੌਸਮ ਵਿਭਾਗ

File Photo

ਨਵੀਂ ਦਿੱਲੀ : ਅੱਜ ਸੋਮਵਾਰ ਸਵੇਰੇ ਜਿੱਥੇ ਇਕ ਪਾਸੇ ਹਿਮਾਚਲ ਪ੍ਰਦੇਸ਼ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਉੱਥੇ ਹੀ ਦੂਜੇ ਪਾਸੇ ਉੱਤਰ ਭਾਰਤ ਵਿਚ ਸ਼ੀਤ ਲਹਿਰ ਦਾ ਕਹਿਰ ਜਾਰੀ ਹੈ ਨਾਲ ਹੀ ਪਹਾੜੀ ਇਲਾਕਿਆਂ ਵਿਚ ਵੀ ਬਰਫ਼ਬਾਰੀ ਨੇ ਲੋਕਾਂ ਦਾ ਜਨ-ਜੀਵਨ ਪ੍ਰਭਾਵਿਤ ਕੀਤਾ ਹੈ।

ਜਾਣਕਾਰੀ ਮੁਤਾਬਕ ਭੂਚਾਲ ਅੱਜ ਸਵੇਰੇ ਰਾਜਧਾਨੀ ਸ਼ਿਮਲਾ ਵਿਚ 5 ਵੱਜੇ ਕੇ 18 ਮਿੰਟ 'ਤੇ ਆਇਆ। ਭੂਚਾਲ ਦਾ ਕੇਂਦਰ ਸ਼ਿਮਲਾ ਜਿਲ੍ਹੇ ਦੇ ਉੱਤਰ –ਪੱਛਮ ਵਿਚ 10 ਕਿਲੋਮੀਟਰ ਦੀ ਗਹਿਰਾਈ 'ਤੇ ਸੀ ਜਿਸ ਦੀ ਤੀਬਰਤਾ 3.6 ਮਾਪੀ ਗਈ। ਖੈਰ ਭੂਚਾਲ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਦੂਜੇ ਪਾਸੇ ਉੱਤਰ ਭਾਰਤ ਵਿਚ ਵੀ ਸ਼ੀਤ ਲਹਿਰ ਆਪਣਾ ਜ਼ੋਰ ਵਿਖਾ ਰਹੀ ਹੈ।  

ਦਿੱਲੀ ਵਿਚ ਅੱਜ ਸਵੇਰੇ ਆਸਮਾਨ ਵਿਚ ਬਦਲੇ ਛਾਏ ਰਹੇ ਅਤੇ ਠੰਡੀਆ ਹਵਾਵਾਂ ਚੱਲੀਆਂ ਜਿਸ ਨਾਲ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਉੱਧਰ ਜੰਮੂ ਕਸ਼ਮੀਰ ਵਿਚ ਵੀ ਬਰਫਬਾਰੀ ਲਗਾਤਾਰ ਹੋ ਰਹੀ ਹੈ ਜੋ ਕਿ ਮੌਸਮ ਵਿਭਾਗ ਅਨੁਸਾਰ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗੀ। 

 ਪੰਜਾਬ ਅਤੇ ਹਰਿਆਣਾ ਦੇ ਕੁੱਝ ਇਲਾਕਿਆਂ ਵਿਚ ਤਾਂ ਅੱਜ ਹਲਕੀ ਬਾਰਿਸ਼ ਨਾਲ ਸਵੇਰ ਦਾ ਚਾਨਣ ਹੋਇਆ। ਸੰਘਣੇ ਬੱਦਲਾਂ ਕਾਰਨ ਅੱਜ  ਸੂਰਜ ਦੇਵਤਾ ਵੀ ਬਾਹਰ ਨਹੀਂ ਨਿਕਲ ਸਕਿਆ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਤੱਕ ਦਿੱਲੀ ਪੰਜਾਬ ਅਤੇ ਹਰਿਆਣਾ ਵਿਚ ਹਲਕੀ ਬਾਰਿਸ਼ ਹੋ ਸਕਦੀ ਹੈ। ਉੱਥੇ ਹੀ ਹਿਮਾਚਲ ਪ੍ਰਦੇਸ਼ ਵਿਚ ਵੀ ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਤੱਕ ਭਾਰੀ ਵਰਖਾ ਅਤੇ ਬਰਫ਼ਬਾਰੀ ਦਾ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਅਨੁਸਾਰ ਭਾਰੀ ਬਾਰਿਸ਼ ਅਤੇ ਬਰਫਬਾਰੀ ਨਾਲ ਕੁੱਲੂ. ਚੰਬਾ, ਲਾਹੌਲ ਸਪੀਤੀ, ਸ਼ਿਮਲਾ, ਕਾਂਗੜਾ ਅਤੇ ਕਿਨੋਰ ਜਿਲ੍ਹਿਆਂ ਵਿਚ ਸੋਮਵਾਰ ਤੋਂ ਮੰਗਲਵਾਰ ਤੱਕ ਅਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਕੁੱਝ ਥਾਵਾਂ 'ਤੇ ਲੈਂਡਸਲਾਈਡ ਵੀ ਹੋ ਸਕਦਾ ਹੈ।