ਬਿਨਾਂ ਟਿਕਟ ਯਾਤਰੀ ਨੂੰ ਕੁੱਟਣ ਦੇ ਦੋਸ਼ ਹੇਠ ਦੋ ਟੀਟੀਈ ਮੁਅੱਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ ਕੁੱਟ ਦਾ ਵੀਡੀਓ

Image

 

ਪਟਨਾ - ਬਿਹਾਰ ਵਿੱਚ ਬਿਨਾਂ ਟਿਕਟ ਰਿਜ਼ਰਵਡ ਡੱਬੇ ਵਿੱਚ ਸਫ਼ਰ ਕਰ ਰਹੇ ਇੱਕ ਯਾਤਰੀ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿੱਚ ਦੋ ਰੇਲਵੇ ਟੀਟੀਈ ਮੁਅੱਤਲ ਕਰ ਦਿੱਤੇ ਗਏ ਹਨ। 

ਪੂਰਬੀ ਮੱਧ ਰੇਲਵੇ ਜ਼ੋਨ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ 2 ਜਨਵਰੀ ਨੂੰ ਵਾਪਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ, ਜਿਸ ਤੋਂ ਬਾਅਦ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ।

ਅਧਿਕਾਰੀ ਨੇ ਦੱਸਿਆ, "ਮੁੰਬਈ-ਜੈਨਗਰ ਜਾਣ ਵਾਲੀ ਰੇਲ ਗੱਡੀ ਦੇ ਮੁਜ਼ੱਫਰਪੁਰ ਸਟੇਸ਼ਨ ਤੋਂ ਲੰਘਣ ਤੋਂ ਬਾਅਦ, ਯਾਤਰੀ ਨੂੰ ਟਿਕਟ ਦਿਖਾਉਣ ਲਈ ਕਿਹਾ ਗਿਆ ਸੀ। ਕੁਝ ਟਾਲਮਟੋਲ ਕਰਨ ਤੋਂ ਬਾਅਦ, ਉਸ ਨੇ ਸਵੀਕਾਰ ਕਰ ਲਿਆ ਕਿ ਉਹ ਬਿਨਾਂ ਟਿਕਟ ਯਾਤਰਾ ਕਰ ਰਿਹਾ ਸੀ।"

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਸਲੀਪਰ ਕੋਚ ਦੀ ਉੱਪਰਲੀ ਬਰਥ 'ਤੇ ਬੈਠੇ ਇੱਕ ਯਾਤਰੀ ਨੂੰ ਟੀਟੀਈ ਦੇ ਮੂੰਹ 'ਤੇ ਲੱਤ ਮਾਰਦੇ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਟੀਟੀਈ ਯਾਤਰੀ ਨੂੰ ਹੇਠਾਂ ਖਿੱਚਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਉਸ ਨੇ ਇੱਕ ਹੱਥ ਨਾਲ ਯਾਤਰੀ ਦੀ ਦੂਜੀ ਲੱਤ ਫੜੀ ਹੋਈ ਹੈ, ਜਦੋਂ ਕਿ ਦੂਜੇ ਹੱਥ ਨਾਲ ਉਹ ਆਪਣੀ ਜੈਕਟ ਦੀ ਬਾਜ਼ੂ ਨੂੰ ਖਿੱਚ ਰਿਹਾ ਹੈ।

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਯਾਤਰੀ ਦੀ ਹਰਕਤ ਤੋਂ ਗੁੱਸੇ 'ਚ ਟੀਟੀਈ ਦਾ ਇੱਕ ਸਾਥੀ ਵੀ ਉੱਥੇ ਪਹੁੰਚ ਗਿਆ ਅਤੇ ਦੋਵਾਂ ਨੇ ਨੌਜਵਾਨ ਦੀ ਇੱਕ-ਇੱਕ ਲੱਤ ਫੜ ਲਈ, ਜਿਸ ਕਾਰਨ ਉਹ ਹੇਠਾਂ ਡਿੱਗ ਪਿਆ। ਇਸ ਤੋਂ ਬਾਅਦ ਦੋਵੇਂ ਟੀਟੀਈ ਗੁੱਸੇ 'ਚ ਯਾਤਰੀ ਨੂੰ ਲੱਤ ਅਤੇ ਮੁੱਕੇ ਮਾਰਨ ਲੱਗ ਜਾਂਦੇ ਹਨ। ਵੀਡੀਓ ਦੇ ਅੰਤ ਵਿੱਚ, ਕੁਝ ਹੋਰ ਯਾਤਰੀ ਦਖਲ ਦਿੰਦੇ ਹੋਏ ਅਤੇ ਦੋਵਾਂ ਟੀਟੀਈ ਨੂੰ ਰੋਕਦੇ ਹੋਏ ਦਿਖਾਈ ਦੇ ਰਹੇ ਹਨ।

ਅਧਿਕਾਰੀ ਨੇ ਕਿਹਾ, "ਟਿਕਟ ਚੈਕਿੰਗ ਸਟਾਫ ਨੇ ਕਿਹਾ ਹੈ ਕਿ ਉਨ੍ਹਾਂ ਨੇ ਯਾਤਰੀ ਨੂੰ ਬਿਨਾਂ ਟਿਕਟ ਯਾਤਰਾ ਕਰਨ ਲਈ ਜੁਰਮਾਨਾ ਭਰਨ ਤੋਂ ਬਾਅਦ ਜਾਣ ਦਿੱਤਾ। ਇਸ ਹੱਦ ਤੱਕ ਉਨ੍ਹਾਂ ਨੇ ਨਿਯਮਾਂ ਅਨੁਸਾਰ ਕੰਮ ਕੀਤਾ। ਪਰ ਉਨ੍ਹਾਂ ਵੱਲੋਂ ਕਨੂੰਨ ਆਪਣੇ ਹੱਥ ਵਿੱਚ ਲੈਣ ਦੀ ਘਟਨਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਲਈ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ।"