ਸ਼ਾਹੀਨ ਬਾਗ਼ 'ਚ ਧਰਨਾਕਾਰੀਆਂ ਦੇ ਹੱਕ 'ਚ ਚੱਲੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਰੋਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨ ਯੂਨੀਅਨਾਂ ਨੇ ਪਿੰਡ-ਪਿੰਡ 'ਚ ਸਾੜੇ ਮੋਦੀ ਸਰਕਾਰ ਦੇ ਪੁਤਲੇ

File Photo

ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਸ਼ਾਹੀਨ ਬਾਗ਼ 'ਚ ਮੋਦੀ ਸਰਕਾਰ ਵਲੋਂ ਲਿਆਂਦੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ), ਐਨ ਆਰ ਸੀ ਅਤੇ ਐਨ ਪੀ ਆਰ ਲਾਗੂ ਕਰਨ ਵਿਰੁਧ ਲੱਗੇ ਮੋਰਚੇ ਦੀ ਹਮਾਇਤ 'ਚ ਪੁੱਜੇ ਪੰਜਾਬ ਦੇ ਕਿਸਾਨਾਂ ਦਿੱਲੀ ਪੁਲਿਸ ਵਲੋਂ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮੁਤਾਬਕ ਵੱਡੀ ਗਿਣਤੀ 'ਚ ਪੁੱਜੀ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਤੋਂ ਤਿੰਨ ਕਿਲੋਮੀਟਰ ਪਿੱਛੇ ਹੀ ਰੋਕ ਲਿਆ।

ਇਸ ਦਾ ਵਿਰੋਧ ਕਰਦਿਆਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵਲੋਂ ਪੰਜਾਬ ਦੇ ਵੱਖ-ਵੱਖ ਹਲਕਿਆਂ 'ਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ। ਯੂਨੀਅਨ ਦੇ ਜਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਪ੍ਰੈੱਸ ਸਕੱਤਰ ਜਸਵੀਰ ਸਿੰਘ ਬੁਰਜ ਸੇਮਾ ਨੇ ਦਸਿਆ ਕਿ ਮੋਦੀ ਸਰਕਾਰ ਵਲੋਂ ਨਾਗਰਿਕਤਾ ਸੋਧ ਕਾਨੂੰਨ ਬਣਾ ਕੇ ਸੰਵਿਧਾਨ ਦੀ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਭਾਰਤ ਨੂੰ ਹਿੰਦੂ ਰਾਸ਼ਟਰ ਦਾ ਨਾਹਰਾ ਦੇ ਕੇ ਭਾਜਪਾ ਸਰਕਾਰ ਫ਼ਿਰਕੂ ਮਾਹੌਲ ਭਟਕਾ ਰਹੀ ਹੈ।

 ਉਨ੍ਹਾਂ ਕਿਹਾ ਕਿ ਸ਼ਾਹੀਨ ਬਾਗ਼ ਵਿਚ ਬੈਠੇ ਸੰਘਰਸ਼ੀ ਲੋਕਾਂ ਦੀ ਹਮਾਇਤ ਵਿਚ ਗਏ ਜਥੇ ਨੂੰ ਰੋਕ ਕੇ ਕੇਂਦਰ ਦੀ ਭਾਜਪਾ ਸਰਕਾਰ ਵਿਰੁਧ ਦਿੱਲੀ ਵਿਚ ਕਿਸਾਨਾਂ ਨੂੰ ਰੋਸ ਪ੍ਰਦਰਸ਼ਨ ਕਰਨ ਤੋਂ ਰੋਕਿਆ ਗਿਆ ਤਾਂ ਕਲ ਨੂੰ ਪੰਜਾਬ ਵਿਚ ਰੇਲਾਂ, ਸੜਕਾਂ ਜਾਮ ਕੀਤੀਆਂ ਜਾਣਗੀਆਂ।

ਕਿਸਾਨ ਆਗੂਆਂ ਨੇ ਦਸਿਆ ਕਿ ਕਿਸਾਨ ਯੂਨੀਅਨਾਂ ਦੀ ਸ਼ਾਹੀਨ ਬਾਗ਼ ਦੇ ਸੰਘਰਸ਼ਕਾਰੀਆਂ ਨਾਲ ਪੂਰੀ ਹਮਾਇਤ ਹੈ। ਜੇਕਰ ਸਰਕਾਰ ਨੇ ਇਸ ਕਾਲੇ ਕਾਨੂੰਨ ਨੂੰ ਵਾਪਸ ਨਾਂ ਲਿਆ ਤਾਂ ਕਿਸਾਨ ਦੇਸ਼ ਵਿਆਪੀ ਅੰਦੋਲਨ ਛੇੜਨ ਤੋਂ ਵੀ ਗੁਰੇਜ਼ ਨਹੀਂ ਕਰਨਗੇ ਤੇ ਸਰਕਾਰ ਦੇ ਨੱਕ 'ਚ ਦਮ ਕਰ ਦੇਣਗੇ।