ਸ਼ਾਹੀਨ ਬਾਗ਼ ਵਿਚ ਠੰਢ ਲੱਗਣ ਨਾਲ ਚਾਰ ਮਹੀਨੇ ਦੇ ਬੱਚੇ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਚਾਰ ਮਹੀਨੇ ਦੇ ਮੁਹੰਮਦ ਨੂੰ ਉਸ ਦੀ ਮਾਂ ਰੋਜ਼ ਸ਼ਾਹੀਨ ਬਾਗ਼ ਦੇ ਪ੍ਰਦਰਸ਼ਨ ਵਿਚ ਲਿਆਉਂਦੀ ਸੀ ਜਿਥੇ ਪ੍ਰਦਰਸ਼ਨਕਾਰੀ ਉਸ ਨੂੰ ਅਪਣੀ ਗੋਦ ਵਿਚ...

File Photo

ਨਵੀਂ ਦਿੱਲੀ : ਚਾਰ ਮਹੀਨੇ ਦੇ ਮੁਹੰਮਦ ਨੂੰ ਉਸ ਦੀ ਮਾਂ ਰੋਜ਼ ਸ਼ਾਹੀਨ ਬਾਗ਼ ਦੇ ਪ੍ਰਦਰਸ਼ਨ ਵਿਚ ਲਿਆਉਂਦੀ ਸੀ ਜਿਥੇ ਪ੍ਰਦਰਸ਼ਨਕਾਰੀ ਉਸ ਨੂੰ ਅਪਣੀ ਗੋਦ ਵਿਚ ਬਿਠਾ ਲੈਂਦੇ ਸਨ ਅਤੇ ਅਕਸਰ ਉਸ ਦੀਆਂ ਗੱਲ੍ਹਾਂ 'ਤੇ ਤਿਰੰਗੇ ਦਾ ਚਿੱਤਰ ਬਣਾ ਦਿੰਦੇ ਸਨ ਪਰ ਮੁਹੰਮਦ ਹੁਣ ਕਦੇ ਵੀ ਸ਼ਾਹੀਨ ਬਾਗ਼ ਵਿਚ ਨਜ਼ਰ ਨਹੀਂ ਆਵੇਗਾ।

ਪਿਛਲੇ ਹਫ਼ਤੇ ਠੰਢ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਸ਼ਾਹੀਨ ਬਾਗ਼ ਦੇ ਖੁਲ੍ਹੇ ਵਿਚ ਪ੍ਰਦਰਸ਼ਨ ਦੌਰਾਨ ਉਸ ਨੂੰ ਠੰਢ ਲੱਗ ਗਈ ਸੀ ਜਿਸ ਕਾਰਨ ਉਸ ਨੂੰ ਜ਼ੁਕਾਮ ਅਤੇ ਛਾਤੀ ਵਿਚ ਜਕੜਨ ਹੋ ਗਈ ਸੀ। ਉਸ ਦੀ ਮਾਂ ਹੁਣ ਵੀ ਪ੍ਰਦਰਸ਼ਨ ਵਿਚ ਹਿੱਸਾ ਲੈਣ ਲਈ ਦ੍ਰਿੜ ਹੈ। ਉਸ ਦਾ ਕਹਿਣਾ ਹੈ, 'ਇਹ ਮੇਰੇ ਬੱਚਿਆਂ ਦੇ ਭਵਿੱਖ ਲਈ ਹੈ।'

ਮੁਹੰਮਦ ਦੇ ਮਾਂ ਬਾਪ ਬਾਟਲਾ ਹਾਊਸ ਇਲਾਕੇ ਵਿਚ ਪਲਾਸਟਿਕ ਅਤੇ ਪੁਰਾਣੇ ਕਪੜਿਆਂ ਨਾਲ ਬਣੀ ਛੋਟੀ ਜਿਹੀ ਝੁੱਗੀ ਵਿਚ ਰਹਿੰਦੇ ਹਨ। ਉਨ੍ਹਾਂ ਦੇ ਦੋ ਹੋਰ ਬੱਚੇ ਹਨ-ਪੰਜ ਸਾਲਾ ਬੇਟੀ ਅਤੇ ਇਕ ਸਾਲ ਦਾ ਬੇਟਾ। ਯੂਪੀ ਦੇ ਬਰੇਲੀ ਦੇ ਰਹਿਣ ਵਾਲੇ ਇਸ ਜੋੜੇ ਦਾ ਮੁਸ਼ਕਲ ਨਾਲ ਗੁਜ਼ਾਰਾ ਚਲਦਾ ਹੈ। ਮੁਹੰਮਦ ਦੇ ਪਿਤਾ ਆਰਿਫ਼ ਕਢਾਈ ਦਾ ਕੰਮ ਕਰਦੇ ਹਨ ਅਤੇ ਈ ਰਿਕਸ਼ਾ ਵੀ ਚਲਾਉਂਦੇ ਹਨ। ਉਸ ਦੀ ਪਤਨੀ ਕਢਾਈ ਦੀ ਕੰਮ ਵਿਚ ਉਸ ਦਾ ਹੱਥ ਵਟਾਉਂਦੀ ਹੈ।

ਆਰਿਫ਼ ਨੇ ਕਿਹਾ, 'ਮੈਂ ਪਿਛਲੇ ਮਹੀਨੇ ਜ਼ਿਆਦਾ ਨਹੀਂ ਕਮਾ ਸਕਿਆ। ਹੁਣ ਮੇਰੇ ਬੱਚੇ ਦਾ ਇੰਤਕਾਲ ਹੋ ਗਿਆ ਤੇ ਸੱਭ ਕੁੱਝ ਖੋ ਗਿਆ।' ਉਸ ਦੀ ਪਤਨੀ ਨਾਜ਼ੀਆ ਕਹਿੰਦੀ ਹੈ, 'ਮੈਂ ਸ਼ਾਹੀਨ ਬਾਗ਼ ਤੋਂ ਦੇਰ ਰਾਤ ਘਰ ਆਈ ਸੀ। ਸਵੇਰੇ ਵੇਖਿਆ ਕਿ ਉਹ ਕੋਈ ਹਰਕਤ ਨਹੀਂ ਕਰ ਰਿਹਾ ਸੀ। ਉਸ ਦਾ ਇੰਤਕਾਲ ਸੌਂਦੇ ਹੋਏ ਹੀ ਹੋ ਗਿਆ।' ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ਨਾਜ਼ੀਆ 18 ਦਸੰਬਰ ਤੋਂ ਰੋਜ਼ ਸ਼ਾਹੀਨ ਬਾਗ਼ ਦੇ ਪ੍ਰਦਰਸ਼ਨ ਵਿਚ ਜਾਂਦੀ ਸੀ।