‘6 ਮਹੀਨਿਆਂ ਬਾਅਦ ਦੇਸ਼ ਦੇ ਨੌਜਵਾਨ ਮੋਦੀ ਨੂੰ ਡੰਡੇ ਮਾਰਨਗੇ’

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਦਾ ਮੋਦੀ ‘ਤੇ ਤਿੱਖਾ ਹਮਲਾ

Photo

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਵਿਚ ਰੈਲੀ ਦੌਰਾਨ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਰੁਜ਼ਗਾਰੀ ਦੇ ਮੁੱਦੇ ‘ਤੇ ਘੇਰਿਆ ਅਤੇ ਤਿੱਖੇ ਹਮਲੇ ਬੋਲੇ।

ਉਹਨਾਂ ਨੇ ਕਿਹਾ, “ਇਹ ਜੋ ਨਰਿੰਦਰ ਮੋਦੀ ਭਾਸ਼ਣ ਦੇ ਰਿਹਾ ਹੈ, 6 ਮਹੀਨਿਆਂ ਬਾਅਦ ਇਹ ਘਰ ਤੋਂ ਬਾਹਰ ਨਹੀਂ ਨਿਕਲ ਸਕੇਗਾ। ਹਿੰਦੁਸਤਾਨ ਦੇ ਨੌਜਵਾਨ ਇਸ ਨੂੰ ਅਜਿਹਾ ਡੰਡਾ ਮਾਰਨਗੇ, ਇਸ ਨੂੰ ਸਮਝਾ ਦੇਣਗੇ ਕਿ ਹਿੰਦੁਸਤਾਨ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤੇ ਬਿਨਾਂ ਇਹ ਦੇਸ਼ ਅੱਗੇ ਨਹੀਂ ਵਧ ਸਕਦਾ”।

ਰਾਹੁਲ ਗਾਂਧੀ ਨਾ ਸਿਰਫ ਚੋਣ ਰੈਲੀਆਂ ਵਿਚ ਬਲਕਿ ਅਪਣੇ ਟਵਿਟਰ ਅਕਾਊਂਟ ‘ਤੇ ਵੀ ਰੋਜ਼ਾਨਾ ਟਵੀਟ ਦੇ ਜ਼ਰੀਏ ਪੀਐਮ ਮੋਦੀ ‘ਤੇ ਲਗਾਤਾਰ ਹਮਲਾ ਬੋਲ ਰਹੇ ਹਨ। ਦੱਸ ਦਈਏ ਕਿ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਦੇਸ਼ ਦੀ ਅਰਥ ਵਿਵਸਥਾ ਨੂੰ ਲੈ ਕੇ ਹਮਲਾ ਬੋਲਿਆ ਹੈ।

ਰਾਹੁਲ ਗਾਂਧੀ ਨੇ ਅਪਣੇ ਟਵਿਟਰ ਹੈਂਡਲ ‘ਤੇ ਟਵੀਟ ਕੀਤਾ ਅਤੇ ਲਿਖਿਆ, ‘ਡੀਅਰ ਪ੍ਰਧਾਨ ਮੰਤਰੀ, ਅਰਥ ਵਿਵਸਥਾ ਤਬਾਹ ਹੋ ਗਈ ਹੈ ਅਤੇ ਤੁਹਾਨੂੰ ਇਹ ਸੋਚਣਾ ਚਾਹੀਦਾ ਕਿ ਇਸ ਮੁਸ਼ਕਲ ਤੋਂ ਅਪਣੇ ਆਪ ਨੂੰ ਕਿਵੇਂ ਬਚਾਈਏ’। ਇਸੇ ਤਰ੍ਹਾਂ ਰਾਹੁਲ ਗਾਂਧੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਵੀ ਹਮਲਾ ਬੋਲਿਆ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਭਾਸ਼ਣਾਂ ਵਿਚ ‘ਸਿਰਫ ਕੂੜਾ’ ਭਰਿਆ ਹੁੰਦਾ ਹੈ ਅਤੇ ਲੋਕਾਂ ਨੂੰ ਉਹਨਾਂ ਦੀਆਂ ਗੱਲਾਂ ਨਹੀਂ ਸੁਣਨੀਆਂ ਚਾਹੀਦੀਆਂ। ਰਾਹੁਲ ਗਾਂਧੀ ਨੇ ਕੋਂਡਲੀ ਅਤੇ ਚਾਂਦਨੀ ਚੌਂਕ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਦਾਅਵਾ ਕੀਤਾ ਕਿ ਉਹਨਾਂ ਨੇ ਹੋਰ ਪਾਰਟੀਆਂ ਦੇ ਆਗੂਆਂ ਦੀ ਤਰ੍ਹਾਂ ਅਪਣੇ ਭਾਸ਼ਣਾਂ ਵਿਚ ਕਦੀ ਝੂਠ ਨਹੀਂ ਬੋਲਿਆ।

ਇਸ ਦੇ ਨਾਲ ਹੀ ਕਾਂਗਰਸ ਆਗੂ ਨੇ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਿਰਫ ਝੂਠ ਬੋਲਦੇ ਹਨ’। ਉਹਨਾਂ ਨੇ ਕਿਹਾ, ‘ਮੈਂ 15 ਸਾਲਾਂ ਤੋਂ ਸਿਆਸਤ ਵਿਚ ਹਾਂ। ਤੁਸੀਂ ਮੇਰਾ ਕੋਈ ਵੀ ਭਾਸ਼ਣ ਸੁਣ ਸਕਦੇ ਹੋ, ਉਹਨਾਂ ਵਿਚ ਮੈ ਤੁਹਾਨੂੰ ਮੇਰਾ ਇਕ ਵੀ ਝੂਠ ਨਹੀਂ ਮਿਲੇਗਾ’।

ਦੱਸ ਦਈਏ ਕਿ ਦਿੱਲੀ ਵਿਚ ਅੱਜ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ 8 ਫਰਵਰੀ ਨੂੰ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 11 ਫਰਵਰੀ ਨੂੰ ਹੋਵੇਗੀ ਅਤੇ ਇਸੇ ਦਿਨ ਪਤਾ ਚੱਲੇਗਾ ਕਿ ਦਿੱਲੀ ਦੀ ਗੱਦੀ ‘ਤੇ ਫਿਰ ਤੋਂ ਕੇਜਰੀਵਾਲ ਬੈਠਣਗੇ ਜਾਂ ਇੱਥੋਂ ਦੀ ਸੱਤਾ ਬਦਲੇਗੀ।