ਸ਼ਾਹੀਨ ਬਾਗ:ਬਹੁਗਿਣਤੀ ਹੁਣ ਵੀ ਨਾਂ ਜਾਗੇ ਤਾਂ ਦਿੱਲੀ ਵਿਚ ਵਾਪਸ ਆ ਜਾਵੇਗਾ ਮੁਗਲਰਾਜ-BJP ਸੰਸਦ ਮੈਂਬਰ
ਦੇਸ਼ ਦੀ ਰਾਜਧਾਨੀ ਦਿੱਲੀ ਦੇ ਸ਼ਾਹੀਨ ਬਾਗ ਵਿਚ ਲਗਾਤਾਰ ਪਿਛਲੇ 50 ਦਿਨਾਂ ਤੋਂ ਸੀਏਏ ਅਤੇ ਸੰਭਾਵਤ ਐਨਆਰਸੀ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਹੁਣ...
ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਦੇ ਸ਼ਾਹੀਨ ਬਾਗ ਵਿਚ ਲਗਾਤਾਰ ਪਿਛਲੇ 50 ਦਿਨਾਂ ਤੋਂ ਸੀਏਏ ਅਤੇ ਸੰਭਾਵਤ ਐਨਆਰਸੀ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਭਾਜਪਾ ਦੇ ਸੰਸਦ ਮੈਂਬਰ ਤੇਜਸਵੀ ਸੂਰਿਆ ਨੇ ਵਿਵਾਦਤ ਬਿਆਨ ਦਿੰਦਿਆ ਕਿਹਾ ਕਿ ਜੇਕਰ ਬਹੁਗਿਣਤੀ ਨਾਂ ਜਾਗੇ ਤਾਂ ਫਿਰ ਤੋਂ ਮੁਗਲ ਰਾਜ ਵਾਪਸ ਆ ਜਾਵੇਗਾ।
ਮੁਸਲਿਮ ਔਰਤਾਂ ਦੁਆਰਾ ਦਿੱਲੀ ਦੇ ਸ਼ਾਹੀਨ ਬਾਗ ਵਿਚ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਵਿਰੁੱਧ ਕੀਤਾ ਜਾ ਰਿਹਾ ਰੋਸ ਮੁਜ਼ਹਾਰਾ ਲਗਾਤਾਰ ਭਾਜਪਾ ਦੇ ਨਿਸ਼ਾਨੇ ਉੱਤੇ ਰਿਹਾ ਹੈ। ਭਾਜਪਾ ਸ਼ੁਰੂ ਤੋਂ ਇਸ ਨੂੰ ਦੇਸ਼ ਵਿਰੋਧੀ ਪ੍ਰਦਰਸ਼ਨ ਦੱਸਦੀ ਆ ਰਿਹਾ ਹੈ।ਦਿੱਲੀ ਚੋਣਾਂ ਵਿਚ ਭਾਜਪਾ ਦੇ ਮਾਡਲ ਟਾਊਨ ਤੋਂ ਉਮੀਦਵਾਰ ਕਪਿਲ ਮਿਸ਼ਰਾ ਨੇ ਤਾਂ ਸ਼ਾਹੀਨ ਬਾਗ ਨੂੰ ਮਿਨੀ ਪਾਕਿਸਤਾਨ ਕਰਾਰ ਦਿੱਤਾ ਸੀ ਜਿਸ ਉੱਤੇ ਕਾਫੀ ਹੰਗਾਮਾ ਮਚਿਆ ਸੀ।
ਇਕ ਵਾਰ ਫਿਰ ਤੋਂ ਭਾਜਪਾ ਦੇ ਸੰਸਦ ਮੈਂਬਰ ਤੇਜਸਵੀ ਸੂਰਿਆ ਨੇ ਲੋਕ ਸਭਾ ਵਿਚ ਵੀਰਵਾਰ ਨੂੰ ਵਿਵਾਦਤ ਬਿਆਨ ਦਿੰਦਿਆ ਕਿਹਾ ਕਿ ਅੱਜ ਦਿੱਲੀ ਦੇ ਸ਼ਾਹੀਨ ਬਾਗ ਵਿਚ ਜੋ ਕੁੱਝ ਹੋ ਰਿਹਾ ਹੈ ਉਹ ਇਸ ਗੱਲ ਨੂੰ ਯਾਦ ਦਿਲਵਾਉਂਦਾ ਹੈ ਕਿ ਜੇਕਰ ਇਸ ਦੇਸ਼ ਦਾ ਬਹੁਗਿਣਤੀ ਜਾਗਰੂਕ ਨਾਂ ਹੋਇਆ ਤਾਂ ਮੁਗਲ ਰਾਜ ਦੇ ਦਿੱਲੀ ਵਾਪਸ ਪਰਤਨ ਦੇ ਦਿਨ ਦੂਰ ਨਹੀਂ ਹਨ। ਸੂਰੀਆ ਦੇ ਇੰਨਾ ਕਹਿਣ ਉੱਤੇ ਵਿਰੋਧੀ ਧੀਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਕੁੱਝ ਦੇਰ ਤੱਕ ਸਦਨ ਦੀ ਕਾਰਵਾਈ ਮੁਤਲਵੀ ਕਰਨੀ ਪਈ।
ਸੂਰਿਆ ਨੇ ਇਸ ਦੌਰਾਨ ਕਿਹਾ ਕਿ ਮੋਦੀ ਸਰਕਾਰ ਨੇ ਕਈ ਲਟਕੇ ਹੋਏ ਮੁੱਦਿਆ ਨੂੰ ਸੁਲਝਾਇਆ ਹੈ ਅਤੇ ਵਿਰੋਧੀ ਵੀ ਜਾਣਦੇ ਹਨ ਕਿ ਨਾਗਰਿਕਤਾ ਸੋਧ ਕਾਨੂੰਨ ਦਾ ਇੱਥੇ ਕਿਸੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਇਸ ਦੇ ਬਾਵਜੂਦ ਵੀ ਵਿਰੋਧ ਕੀਤਾ ਜਾ ਰਿਹਾ ਹੈ ਜੋ ਨਿਰਾਸ਼ਾਜਨਕ ਹੈ।
ਭਾਜਪਾ ਐਮਪੀ ਨੇ ਅੱਗੇ ਕਿਹਾ ਕਿ ਸੀਏਏ ਪਾਕਿਸਤਾਨ ਸਮੇਤ ਗੁਆਂਢੀ ਦੇਸ਼ਾਂ ਵਿਚ ਤਸੀਹੇ ਝੱਲ ਰਹੇ ਘੱਟਗਿਣਤੀਆਂ ਨੂੰ ਨਾਗਰਿਕਤਾ ਦੇਣ ਦੇ ਲਈ ਹੈ ਪਰ ਵਿਰੋਧ ਕਰਕੇ ਵਿਰੋਧੀ ਧੀਰਾਂ ਉਨ੍ਹਾਂ ਨੂੰ ਨਾਗਰਿਕਤਾ ਮਿਲਣ ਤੋਂ ਰੋਕ ਰਹੀਆਂ ਹਨ ਜਿਸ ਦੇ ਲਈ ਇਨ੍ਹਾਂ ਨੂੰ ਆਉਣ ਵਾਲੀਆਂ ਪੀੜੀਆਂ ਵੀ ਮਾਫ਼ ਨਹੀਂ ਕਰਨਗੀਆਂ। ਸੂਰਿਆ ਨੇ ਵਿਰੋਧੀ ਧੀਰਾਂ 'ਤੇ ਨਿਸ਼ਾਨਾਂ ਲਗਾਉਂਦਿਆ ਕਿਹਾ ਕਿ ਉਹ ਆਪਣੇ ਵੋਟ ਬੈਂਕ ਦੀ ਵਰਤੋਂ ਲਈ ਇਸ ਮੁੱਦੇ ਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦੇ।