ਤਰੰਗੇ ਦੀ ਬੇਅਦਬੀ ਵਾਲੀ ਘਟਨਾ ਕੋਰਾ ਝੂਠ, ਸ਼ਿਵ ਸੈਨਾ ਨੇ PM ਦੇ ਦਾਅਵੇ 'ਤੇ ਚੁਕੇ ਸਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁੰਮਰਾਰ ਕਿਸਾਨ ਨਹੀਂ, ਬਲਕਿ ਕੇਂਦਰ ਸਰਕਾਰ ਹੋ ਚੁੱਕੀ ਹੈ, ਜਿਸ ਨੂੰ ਸੱਚਾਈ ਵਿਖਾਈ ਨਹੀਂ ਦੇ ਰਹੀ : ਅਕਾਲੀ ਦਲ

Farmers Protest

ਨਵੀਂ ਦਿੱਲੀ : 26 ਜਨਵਰੀ ਨੂੰ ਲਾਲ ਕਿਲ੍ਹੇ  ‘ਤੇ ਤਿਰੰਗੇ ਦੀ ਬੇਅਦਬੀ ਹੋਣ ਦੀ ਘਟਨਾ ਨੂੰ ਰਾਸ਼ਟਰੀ ਮੀਡੀਆ ਸਮੇਤ ਭਾਜਪਾ ਆਗੂਆਂ ਵਲੋਂ ਵੱਡੀ ਪੱਧਰ ‘ਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਤਿਰੰਗੇ ਦੀ ਬੇਅਦਬੀ ਤੋਂ ਦੇਸ਼ ਦੇ ਸ਼ਰਮਸਾਰ ਹੋਣ ਗੱਲ ਕਹੀ ਗਈ ਸੀ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਲਾਲ ਕਿਲ੍ਹੇ ‘ਤੇ ਕਿਸਾਨੀ ਅਤੇ ਕੇਸਰੀ ਝੰਡਾ ਲਹਿਰਾਏ ਜਾਣ ਦੀ ਗੱਲ ਤਾਂ ਮੰਨ ਰਹੇ ਹਨ, ਪਰ ਤਿਰੰਗੇ ਦੀ ਬੇਅਦਬੀ ਸਬੰਧੀ ਕੀਤੇ ਜਾ ਰਹੇ ਪ੍ਰਚਾਰ ਨੂੰ ਮੁਢੋਂ ਰੱਦ ਕਰ ਚੁਕੀਆਂ ਹਨ।

ਹੁਣ ਸਿਆਸੀ ਧਿਰਾਂ ਨੇ ਵੀ ਕਿਸਾਨਾਂ ਦੀ ਹਾਂ ‘ਚ ਹਾਂ ਮਿਲਾਉਣੀ ਸ਼ੁਰੂ ਕਰ ਦਿਤੀ ਹੈ। ਭਾਜਪਾ ਦੀ ਭਾਈਵਾਰ ਰਹਿ ਚੁੱਕੀ ਸ਼ਿਵ ਸੈਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿਰੰਗੇ ਦੀ ਬੇਅਦਬੀ ਸਬੰਧੀ ਕੀਤੇ ਦਾਅਵੇ ‘ਤੇ ਸਵਾਲ ਚੁਕਦਿਆਂ ਕਿਹਾ ਕਿ ਜਿਹੜੀ ਗੱਲ ਹੋਈ ਹੀ ਨਹੀਂ, ਉਸ ਬਾਰੇ ਪ੍ਰਧਾਨ ਮੰਤਰੀ ਵਲੋਂ ਪ੍ਰਚਾਰ ਕਰਨਾ ਸਹੀ ਨਹੀਂ ਹੈ। ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ਸਾਮਨਾ ਦੀ ਸੰਪਾਦਕੀ ਵਿਚ ਇਸ ਸਬੰਧੀ ਖੁਲਾਸਾ ਕਰਦਿਆਂ ਕਿਹਾ ਕਿ ‘ਜੋ ਘਟਨਾ ਵਾਪਰੀ ਹੀ ਨਹੀਂ, ਉਸ ਬਾਰੇ ਆਵਾਜ਼ ਉਠਾਉਣਾ ਵੀ ਰਾਸ਼ਟਰੀ ਝੰਡੇ ਦਾ ਅਪਮਾਨ ਹੈ।'

ਇਹ ਪ੍ਰਤੀਕਿਰਿਆ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਐਤਵਾਰ ਨੂੰ 'ਮਨ ਕੀ ਬਾਤ' ਪ੍ਰੋਗਰਾਮ ਵਿਚ ਇਹ ਕਹਿਣ ਤੋਂ ਬਾਅਦ ਆਈ ਕਿ ਤਿਰੰਗੇ ਦੇ ਅਪਮਾਨ ਨਾਲ ਦੇਸ਼ ਦੁਖੀ ਹੈ। ਕਾਬਲੇਗੌਰ ਹੈ ਕਿ ਸੁਪਰੀਮ ਕੋਰਟ ਨੇ ਵੀ ਗਣਤੰਤਰ ਦਿਵਸ ਹਿੰਸਾ ਦੀ ਜਾਂਚ ’ਚ ਦਖ਼ਲ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਕਿਹਾ ਸੀ ਕਿ ਸਰਕਾਰ ਮਾਮਲੇ ਨੂੰ ਵੇਖ ਰਹੀ ਹੈ। ਕਾਨੂੰਨ ਆਪਣਾ ਕੰਮ ਕਰੇਗਾ, ਅਸੀਂ ਦਖ਼ਲ ਨਹੀਂ ਦੇਣਾ ਚਾਹੁੰਦੇ।

ਇਸੇ ਤਰ੍ਹਾਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵਲੋਂ ਬੀਤੇ ਕੱਲ੍ਹ ਸੰਸਦ ਵਿਚ ਖੇਤੀ ਕਾਨੂੰਨਾਂ ਵਿਚ ਕੋਈ ਖਾਮੀ ਨਾ ਹੋਣ ਅਤੇ ਕਿਸਾਨਾਂ ਦੇ ਸੰਘਰਸ਼ ਨੂੰ ਕੇਵਲ ਇਕ ਖਿੱਤੇ ਨਾਲ ਸਬੰਧਤ ਕਹਿਣ ‘ਤੇ ਵੀ ਸਵਾਲ ਉਠਣ ਲੱਗੇ ਹਨ। ਮੰਤਰੀ ਨਰਿੰਦਰ ਤੋਮਰ ਨੇ ਕਿਹਾ ਸੀ ਕਿ ਇਨ੍ਹਾਂ ਕਿਸਾਨਾਂ ਨੂੰ ਵੀ ਵਿਰੋਧੀ ਧਿਰਾਂ ਵਲੋਂ ਗੁੰਮਰਾਹ ਕੀਤਾ ਗਿਆ ਹੈ।

ਕਿਸਾਨ ਜਥੇਬੰਦੀਆਂ ਨੇ ਖੇਤੀਬਾੜੀ ਮੰਤਰੀ ਦੇ ਬਿਆਨ ਨੂੰ ਝੂਠ ਦਾ ਪੁਲੰਦਾ ਕਰਾਰ ਦਿਤਾ ਹੈ, ਜਦਕਿ ਭਾਜਪਾ ਦੀ ਭਾਈਵਾਲ ਰਹਿ ਚੁਕੀ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ‘ਤੇ ਤੰਜ ਕਸਦਿਆਂ ਕਿਹਾ ਹੈ ਕਿ ‘ਗੁੰਮਰਾਹ ਕਿਸਾਨ ਨਹੀਂ, ਕੇਂਦਰ ਸਰਕਾਰ ਹੋ ਚੁੱਕੀ ਹੈ, ਜੋ ਲੋਕਤੰਤਰ ਦੇ ਮੰਦਰ ਵਿਚ ਵੀ ਝੂਠੇ ਦਾਅਦੇ ਕਰਨ ਤੋਂ ਬਾਜ਼ ਨਹੀਂ ਆ ਰਹੀ।‘