ਭਾਰਤ ਵੱਲੋਂ ਭੂਚਾਲ ਪ੍ਰਭਾਵਿਤ ਤੁਰਕੀ ਦੀ ਮਦਦ ਦਾ ਐਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਐਨ.ਡੀ.ਆਰ.ਐਫ਼. ਟੀਮ, ਮੈਡੀਕਲ ਟੀਮ ਅਤੇ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ

Image

 

ਨਵੀਂ ਦਿੱਲੀ - ਭਾਰਤ ਸਰਕਾਰ ਨੇ ਸੋਮਵਾਰ ਨੂੰ ਭੂਚਾਲ ਪ੍ਰਭਾਵਿਤ ਤੁਰਕੀ ਵਿੱਚ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫ਼ੋਰਸ (ਐਨ.ਡੀ.ਆਰ.ਐਫ਼.) ਦੀਆਂ ਖੋਜ ਅਤੇ ਬਚਾਅ ਟੀਮਾਂ, ਮੈਡੀਕਲ ਟੀਮਾਂ ਅਤੇ ਰਾਹਤ ਸਮੱਗਰੀ ਤੁਰੰਤ ਭੇਜਣ ਦਾ ਫ਼ੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਪ੍ਰਭਾਵਿਤ ਦੇਸ਼ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।

ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, ਪ੍ਰਧਾਨ ਮੰਤਰੀ ਮੋਦੀ ਦੇ ਪ੍ਰਮੁੱਖ ਸਕੱਤਰ ਪੀ.ਕੇ. ਮਿਸ਼ਰਾ ਨੇ ਤੁਰੰਤ ਰਾਹਤ ਉਪਾਅ ਕਰਨ ਲਈ ਸਾਊਥ ਬਲਾਕ ਵਿੱਚ ਇੱਕ ਮੀਟਿੰਗ ਬੁਲਾਈ, ਜਿਸ ਵਿੱਚ ਉਪਰੋਕਤ ਫ਼ੈਸਲਾ ਲਿਆ ਗਿਆ।

ਬਿਆਨ ਅਨੁਸਾਰ, ਸਿਖਲਾਈ ਪ੍ਰਾਪਤ ਕੁੱਤਿਆਂ ਅਤੇ ਜ਼ਰੂਰੀ ਉਪਕਰਣਾਂ ਦੇ ਨਾਲ 100 ਮੈਂਬਰਾਂ ਦੀਆਂ ਦੋ ਐਨ.ਡੀ.ਆਰ.ਐਫ਼. ਟੀਮਾਂ ਖੋਜ ਅਤੇ ਬਚਾਅ ਕਾਰਜਾਂ ਲਈ ਭੂਚਾਲ ਪ੍ਰਭਾਵਿਤ ਖੇਤਰ ਵਿੱਚ ਜਾਣਗੀਆਂ। ਇਸ ਦੇ ਨਾਲ ਹੀ ਸਿਖਲਾਈ ਪ੍ਰਾਪਤ ਡਾਕਟਰਾਂ ਅਤੇ ਪੈਰਾ ਮੈਡੀਕਲ ਦੀ ਟੀਮ ਨੂੰ ਵੀ ਲੋੜੀਂਦੀਆਂ ਦਵਾਈਆਂ ਦੇ ਨਾਲ ਰਵਾਨਾ ਕੀਤਾ ਜਾਵੇਗਾ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਹਤ ਸਮੱਗਰੀ ਤੁਰਕੀ ਸਰਕਾਰ, ਅੰਕਾਰਾ ਵਿੱਚ ਭਾਰਤੀ ਦੂਤਾਵਾਸ ਅਤੇ ਇਸਤਾਂਬੁਲ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨਾਲ ਤਾਲਮੇਲ ਕਰਕੇ ਭੇਜੀ ਜਾਵੇਗੀ।

ਬਿਆਨ ਅਨੁਸਾਰ, ਬੈਠਕ ਵਿੱਚ ਕੈਬਨਿਟ ਸਕੱਤਰ, ਗ੍ਰਹਿ, ਰੱਖਿਆ, ਵਿਦੇਸ਼ ਮਾਮਲਿਆਂ, ਨਾਗਰਿਕ ਹਵਾਬਾਜ਼ੀ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਿਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਅਤੇ ਰਾਸ਼ਟਰੀ ਆਫ਼ਤ ਜਵਾਬ ਬਲ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।