CBSE ਦਸਵੀਂ ਜਮਾਤ ਦਾ ਨਤੀਜਾ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

13 ਵਿਦਿਆਰਥੀਆਂ ਨੇ ਕੀਤਾ ਟਾਪ

CBSE class 10th results declared

ਨਵੀਂ ਦਿੱਲੀ : ਕੇਂਦਰੀ ਮਾਧਮਿਕ ਸਿੱਖਿਆ ਬੋਰਡ (CBSE) ਦੇ 10ਵੀਂ ਜਮਾਤ ਦੇ ਨਤੀਜੇ ਅੱਜ ਦੁਪਹਿਰ ਐਲਾਨ ਦਿੱਤੇ ਗਏ। ਪ੍ਰੀਖਿਆ 'ਚ 91.11% ਵਿਦਿਆਰਥੀ ਪਾਸ ਹੋਏ ਹਨ। ਤਿਰੁਵੇਂਦਰਮ 'ਚ 99.85%, ਚੇਨੰਈ 'ਚ 99%, ਅਜਮੇਰ 'ਚ 95.89% ਵਿਦਿਆਰਥੀ ਪਾਸ ਹੋਏ ਹਨ। ਕੇਰਲ ਦੀ ਭਾਵਨਾ ਐਨ. ਸ਼ਿਵਦਾਸ ਸਮੇਤ 13 ਵਿਦਿਆਰਥੀਆਂ ਨੇ ਟਾਪ ਕੀਤਾ ਹੈ। ਇਨ੍ਹਾਂ ਸਾਰਿਆਂ ਨੂੰ 500 'ਚੋਂ 499 ਨੰਬਰ ਮਿਲੇ ਹਨ। 498 ਨੰਬਰ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ 24 ਹੈ। ਤੀਜੇ ਸਥਾਨ 497 ਨੰਬਰ ਲੈਣ ਵਾਲੇ ਵਿਦਿਆਰਥੀਆਂ ਗੀ ਗਿਣਤੀ 58 ਹੈ। 

ਰੈਂਕ-1 ਦੇ 13 ਵਿਦਿਆਰਥੀਆਂ 'ਚ 6 ਲੜਕੀਆਂ ਅਤੇ 7 ਲੜਕੇ ਹਨ। ਪਾਸ ਹੋਣ ਦੇ ਮਾਮਲੇ 'ਚ ਲੜਕੀਆਂ ਦੀ ਫ਼ੀਸਦ ਲੜਕਿਆਂ ਦੇ ਮੁਕਾਬਲੇ ਵੱਧ ਹੈ। ਲੜਕਿਆਂ ਤੋਂ 2.31% ਵੱਧ 92.45% ਲੜਕੀਆਂ ਸਫ਼ਲ ਰਹੀਆਂ ਹਨ। ਸਵਾ 2 ਲੱਖ ਵਿਦਿਆਰਥੀਆਂ ਨੇ 90% ਤੋਂ ਵੱਧ ਅਤੇ 57,256 ਵਿਦਿਆਰਥੀਆਂ ਨੇ 95% ਤੋਂ ਵੱਧ ਨੰਬਰ ਲਏ ਹਨ। 

ਖੇਤਰਵਾਰ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਤਿਰੁਵੇਂਦਰਮ ਪਹਿਲੇ ਨੰਬਰ 'ਤੇ ਰਿਹਾ। ਇੱਥੇ 99.85% ਬੱਚੇ ਪਾਸ ਹੋਏ। ਚੇਨੰਈ 'ਚ 99% ਅਤੇ ਅਜਮੇਰ 'ਚ 95.89% ਬੱਚੇ ਪਾਸ ਹੋਏ ਹਨ। ਚੌਥੇ ਨੰਬਰ 'ਤੇ ਪੰਚਕੂਲਾ 93.72%, ਪੰਜਵੇਂ ਨੰਬਰ 'ਤੇ ਪ੍ਰਯਾਗਰਾਜ (ਇਲਾਹਾਬਾਦ) ਰਿਹਾ। 10ਵੇਂ ਨੰਬਰ 'ਤੇ ਗੁਹਾਟੀ ਹੈ, ਜਿੱਥੇ 74.49% ਬੱਚੇ ਸਫ਼ਲ ਰਹੇ। 80.97% ਪਾਸਿੰਗ ਫ਼ੀਸਦ ਨਾਲ ਦਿੱਲੀ 9ਵੇਂ ਨੰਬਰ 'ਤੇ ਰਿਹਾ। 

ਕੇਂਦਰੀ ਸਕੂਲਾਂ ਅਤੇ ਨਵੋਦਿਆ ਸਕੂਲਾਂ ਦਾ ਨਤੀਜਾ ਵੀ ਕਾਫ਼ੀ ਵਧੀਆ ਰਿਹਾ ਹੈ। ਕੇਂਦਰੀ ਵਿਦਿਆਲਿਆ ਦੇ 99.47% ਬੱਚੇ ਸਫ਼ਲ ਰਹੇ। ਜਵਾਹਰ ਨਵੋਦਿਆ ਸਕੂਲ ਦੇ 98.57% ਬੱਚੇ ਅਤੇ ਆਜ਼ਾਦ ਇੰਸਟੀਚਿਊਟਾਂ ਦੇ 94.15% ਬੱਚੇ ਸਫ਼ਲ ਰਹੇ। ਵਿਦਿਆਰਥੀ 10ਵੀਂ ਜਮਾਤ ਦੇ ਨਤੀਜੇ ਵੈਬਸਾਈਟ results.nic.in, cbseresults.nic.in ਅਤੇ cbse.nic.in 'ਤੇ ਵੇਖ ਸਕਦੇ ਹਨ।