ਘਰੇਲੂ ਇਕਾਂਤਵਾਸ ਮਰੀਜ਼ਾਂ ਲਈ ਦਿੱਲੀ ਸਰਕਾਰ ਦੀ ਸਹੂਲਤ, ਆਨਲਾਈਨ ਪੋਰਟਲ ਜ਼ਰੀਏ ਮਿਲੇਗਾ ਆਕਸੀਜਨ ਸਿਲੰਡਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਕਸੀਜਨ ਲਈ ਇਹਨਾਂ ਚੀਜ਼ਾਂ ਦੀ ਹੋਵੇਗੀ ਲੋੜ

Delhi Covid-19 patients in home isolation can apply online to get oxygen

ਨਵੀਂ ਦਿੱਲੀ: ਦੇਸ਼ ਵਿਚ ਆਕਸੀਜਨ ਦੀ ਕਮੀ ਦੇ ਚਲਦਿਆਂ ਇਕ ਰਾਹਤ ਦੀ ਖ਼ਬਰ ਆਈ ਹੈ। ਦਰਅਸਲ ਦਿੱਲੀ ਵਿਚ ਘਰੇਲੂ ਇਕਾਂਤਵਾਸ ਵਿਚ ਰਹਿ ਰਹੇ ਕੋਰੋਨਾ ਮਰੀਜ਼ਾਂ ਲਈ ਕੇਜਰੀਵਾਲ ਸਰਕਾਰ ਵੱਲੋਂ ਇਕ ਸਿਸਟਮ ਬਣਾਇਆ ਗਿਆ ਹੈ।

ਇਸ ਜ਼ਰੀਏ ਜਿਨ੍ਹਾਂ ਲੋਕਾਂ ਜਾਂ ਪਰਿਵਾਰਾਂ ਨੂੰ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਲੋਕਾਂ ਲਈ ਆਕਸੀਜਨ ਦੀ ਲੋੜ ਹੈ ਉਹ ਦਿੱਲੀ ਸਰਕਾਰ ਦੇ ਪੋਰਟਲ  https://delhi.gov.in ’ਤੇ ਅਪਲਾਈ ਕਰ ਸਕਦੇ ਹਨ। ਇਸ ਪੋਰਟਲ ’ਤੇ ਸਿਲੰਡ਼ਰ ਲਈ ਅੱਜ (6 ਮਈ) ਤੋਂ ਅਪਲਾਈ ਕੀਤਾ ਜਾ ਸਕਦਾ ਹੈ।

ਆਕਸੀਜਨ ਲਈ ਇਹਨਾਂ ਚੀਜ਼ਾਂ ਦੀ ਹੋਵੇਗੀ ਲੋੜ

ਆਕਸੀਜਨ ਲਈ ਅਪਲਾਈ ਕਰਦੇ ਸਮੇਂ ਫੋਟੋ, ਅਧਾਰ ਕਾਰਡ, ਕੋਵਿਡ ਪਾਜ਼ੇਟਿਵ ਰਿਪੋਰਟ ਆਦਿ ਜਾਣਕਾਰੀ ਅਪਲੋਡ ਕਰਨੀ ਹੋਵੇਗੀ। ਜੇਕਰ ਕਿਸੇ ਮਾਮਲੇ ਵਿਚ ਸੀਟੀ ਸਕੈਨ ਦੀ ਰਿਪੋਰਟ ਹੈ ਤਾਂ ਉਸ ਨੂੰ ਵੀ ਅਪਲੋਡ ਕੀਤਾ ਜਾ ਸਕਦਾ ਹੈ ਤਾਂਕਿ ਇਹ ਪਤਾ ਚੱਲ ਸਕੇ ਕਿ ਮਰੀਜ਼ ਨੂੰ ਆਕਸੀਜਨ ਦੀ ਲੋੜ ਹੈ।

ਇਸ ਸਬੰਧੀ ਸਾਰੇ ਜ਼ਿਲ੍ਹਿਆਂ ਦੇ ਮੈਜਿਸਟਰੇਟ ਨੂੰ ਕਿਹਾ ਗਿਆ ਹੈ ਕਿ ਜੋ ਵੀ ਅਰਜ਼ੀ ਆਕਸੀਜਨ ਲਈ ਆਉਂਦੀ ਹੈ, ਉਸ ਦੀ ਛਾਂਟੀ ਲਈ ਕਰਮਚਾਰੀ ਲਗਾਏ ਜਾਣ ਤਾਂਕਿ ਜਿਨ੍ਹਾਂ ਲੋਕਾਂ ਨੂੰ ਆਕਸੀਜਨ ਦੀ ਤੁਰੰਤ ਲੋੜ ਹੈ ਉਹਨਾਂ ਨੂੰ ਤਰਜੀਹ ਦੇ ਅਧਾਰ ’ਤੇ ਆਕਸੀਜਨ ਮਿਲ ਸਕੇ। ਇਹਨਾਂ ਲੋਕਾਂ ਨੂੰ ਡੀਐਮ ਵੱਲੋਂ ਜਾਰੀ ਪਾਸ ਵੀ ਮਿਲੇਗਾ, ਜਿਸ ਵਿਚ ਲਿਖਿਆ ਹੋਵੇਗਾ ਕਿ ਕਿਸ ਤਰੀਕ ਨੂੰ, ਕਿਸ ਥਾਂ, ਕਿਸ ਸਮੇਂ ਅਤੇ ਕਿਸ ਡਿਪੂ ’ਤੇ ਸਿਲੰਡਰ ਮਿਲੇਗਾ। ਇਹ ਸਟਾਕ ਦੀ ਉਪਲਬਧਤਾ ’ਤੇ ਨਿਰਭਰ ਹੋਵੇਗਾ।

ਜ਼ਿਲ੍ਹਾ ਮੈਜਿਸਟਰੇਟ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਕਿ ਅਜਿਹੇ ਡੀਲਰ ਰੱਖੇ ਜਾਣ, ਜਿੱਥੇ ਜਾ ਕੇ ਵਿਅਕਤੀ ਨੂੰ ਆਕਸੀਜਨ ਸਿਲੰਡਰ ਸਿੱਧਾ ਮਿਲ ਸਕੇ।
ਦੱਸ ਦਈਏ ਕਿ ਦਿੱਲੀ ਵਿਚ ਆਕਸੀਜਨ ਸਿਲੰਡਰ ਨੂੰ ਭਰਵਾਉਣ ਲਈ ਵੱਖ-ਵੱਖ ਥਾਵਾਂ ’ਤੇ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਇਹ ਆਦੇਸ਼ ਜਾਰੀ ਕੀਤਾ ਹੈ।