ਕੋਰੋਨਾ ਸੰਕਟ 'ਤੇ ਪੀਐਮ ਮੋਦੀ ਨੇ ਕੀਤੀ ਸਮੀਖਿਆ ਬੈਠਕ, ਟੀਕਾਕਰਨ ਦੀ ਰਫ਼ਤਾਰ ’ਤੇ ਦਿੱਤਾ ਜ਼ੋਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪੈਦਾ ਹੋਈ ਸਥਿਤੀ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਸਮੀਖਿਆ ਬੈਠਕ ਕੀਤੀ।

PM Modi holds review meeting on COVID-19 situation

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪੈਦਾ ਹੋਈ ਸਥਿਤੀ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਸਮੀਖਿਆ ਬੈਠਕ ਕੀਤੀ। ਇਸ ਸਬੰਧੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਦੱਸਿਆ ਗਿਆ ਕਿ ਬੈਠਕ ਵਿਚ ਉਹਨਾਂ ਨੂੰ ਵੱਖ-ਵੱਖ ਸੂਬਿਆਂ ਵਿਚ ਕੋਵਿਡ ਪ੍ਰਸਾਰ ਸਬੰਧੀ ਜਾਣਕਾਰੀ ਦਿੱਤੀ ਗਈ। ਪੀਐਮਓ ਅਨੁਸਾਰ ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ ਕਰੀਬ 12 ਸੂਬਿਆਂ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ ਇਕ ਲੱਖ ਤੋਂ ਜ਼ਿਆਦਾ ਹੈ।

ਇਸ ਤੋਂ ਇਲਾਵਾ ਸਭ ਜ਼ਿਆਦਾ ਮੌਤਾਂ ਵਾਲੇ ਜ਼ਿਲ੍ਹਿਆ ਸਬੰਧੀ ਵੀ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਇਆ ਗਿਆ। ਬੈਠਕ ਦੌਰਾਨ ਪ੍ਰਧਾਨ ਮੰਤਰੀ ਨੇ ਸੂਬਿਆਂ ਵਿਚ ਟੀਕਾਕਰਨ ਦੀ ਰਫ਼ਤਾਰ ਨੂੰ ਘੱਟ ਨਾ ਹੋਣ ’ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਨਾਗਰਿਕਾਂ ਨੂੰ ਲਾਕਡਾਊਨ ਦੇ ਬਾਵਜੂਦ ਟੀਕਾ ਲਗਾਇਆ ਜਾਵੇ ਅਤੇ ਇਸ ਕੰਮ ਵਿਚ ਲੱਗੇ ਸਿਹਤ ਕਰਮੀਆਂ ਨੂੰ ਕੋਈ ਹੋਰ ਜ਼ਿੰਮੇਵਾਰੀ ਨਾ ਦਿੱਤੀ ਜਾਵੇ।

ਪੀਐਮਓ ਨੇ ਦੱਸਿਆ ਕਿ ਬੈਠਕ ਵਿਚ ਪੀਐਮ ਮੋਦੀ ਨੂੰ ਸੂਬਿਆਂ ਵੱਲੋਂ ਤਿਆਰ ਹੈਲਥਕੇਅਰ ਦੇ ਬਨਿਆਦੀ ਢਾਂਚੇ ਸਬੰਧੀ ਜਾਣਕਾਰੀ ਦਿੱਤੀ ਗਈ। ਮੀਟਿੰਗ ਵਿਚ ਲਾਗ ਦੀ ਰੋਕਥਾਮ ਲਈ ਤੇਜ਼ ਅਤੇ ਸੰਪੂਰਨ ਉਪਾਅ ਯਕੀਨੀ ਬਣਾਉਣ ਦੀ ਲੋੜ ਸਬੰਧੀ ਚਰਚਾ ਕੀਤੀ ਗਈ। ਪੀਐਮਓ ਨੇ ਦੱਸਿਆ ਕਿ ਬੈਠਕ ਦੌਰਾਨ ਪੀਐਮ ਮੋਦੀ ਨੇ ਦਵਾਈਆਂ ਦੀ ਉਪਲਬਧਤਾ ਦੀ ਵੀ ਸਮੀਖਿਆ ਕੀਤੀ। ਉਹਨਾਂ ਨੂੰ ਰੇਮੇਡਿਸਿਵਰ ਸਮੇਤ ਹੋਰ ਦਵਾਈਆਂ ਦੇ ਉਤਪਾਦਨ ਨੂੰ ਵਧਾਉਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ ਗਈ।