ਸਰਕਾਰ ਦੀ ਚਿਤਾਵਨੀ- ਕੋਰੋਨਾ ਦੀ ਤੀਜੀ ਲਹਿਰ ਆਵੇਗੀ ਪਰ ਕਿੰਨੀ ਖ਼ਤਰਨਾਕ ਹੋਵੇਗੀ, ਕਿਹਾ ਨਹੀਂ ਜਾ ਸਕਦਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਰੁਕਣ ਦਾ ਨਾਂ ਨਹੀਂ ਲੈ ਰਹੀ।

Coronavirus

ਨਵੀਂ ਦਿੱਲੀ (ਸੁਖਰਾਜ ਸਿੰਘ) : ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸੇ ਦੌਰਾਨ ਕੇਂਦਰ ਸਰਕਾਰ ਨੇ ਕੋਰੋਨਾ ਤੀਜੀ ਲਹਿਰ ਬਾਰੇ ਚਿਤਾਵਨੀ ਜਾਰੀ ਕਰ ਦਿਤੀ ਹੈ।  ਸਰਕਾਰ ਦੇ ਪ੍ਰਿੰਸੀਪਲ ਸਾਇੰਟਿਫ਼ਿਕ ਸਲਾਹਕਾਰ ਵਿਜੈ ਰਾਘਵਨ ਨੇ ਦਸਿਆ ਕਿ ਕੋਰੋਨਾ ਦੀ ਤੀਜੀ ਲਹਿਰ ਵੀ ਜ਼ਰੂਰ ਆਵੇਗੀ ਪਰ ਇਹ ਪੱਕਾ ਨਹੀਂ ਕਿਹਾ ਜਾ ਸਕਦਾ ਕਿ ਤੀਜੀ ਲਹਿਰ ਕਦੋਂ ਆਵੇਗੀ ਅਤੇ ਕਿੰਨੀ ਖ਼ਤਰਨਾਕ ਹੋਵੇਗੀ ਪਰ ਸਾਨੂੰ ਨਵੀਂ ਲਹਿਰ ਲਈ ਤਿਆਰ ਰਹਿਣਾ ਪਵੇਗਾ।

ਰਾਘਵਨ ਬੁੱਧਵਾਰ ਨੂੰ ਕੋਰੋਨਾ ਦੀ ਸਥਿਤੀ ’ਤੇ ਇਕ ਪ੍ਰੈੱਸ ਕਾਨਫ਼ਰੰਸ ਵਿਚ ਬੋਲ ਰਹੇ ਸਨ। ਉਨ੍ਹਾਂ ਇਥੇ ਇਹ ਵੀ ਸਪੱਸ਼ਟ ਕੀਤਾ ਕਿ ਜਿਸ ਤਰ੍ਹਾਂ ਦੀ ਸਥਿਤੀ ਦੂਜੀ ਲਹਿਰ ਦੀ ਗਤੀ ਹੈ ਤਾਂ ਇੰਜ ਲਗਦਾ ਹੈ ਕਿ ਤੀਜੀ ਲਹਿਰ ਛੇਤੀ ਆਵੇਗੀ ਅਤੇ ਕਈ ਮਾਹਰ ਤੀਜੀ ਲਹਿਰ ਦੀ ਆਮਦ ਅਕਤੂਬਰ ’ਚ ਮੰਨਦੇ ਹਨ।

ਇਸ ਪ੍ਰੈੱਸ ਕਾਨਫ਼ਰੰਸ ਵਿਚ ਕੇਂਦਰੀ ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ  ਨੇ ਦਸਿਆ ਕਿ ਕੋਰੋਨਾ  ਦੇ ਕੇਸ ਹਰ ਦਿਨ 2.4 ਫ਼ੀ ਸਦੀ ਰੇਟ ਵਲੋਂ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ 382315 ਮਾਮਲੇ ਦਰਜ ਕੀਤੇ ਗਏ ਹਨ।  12 ਸੂਬਿਆਂ ਵਿਚ ਇਕ ਲੱਖ ਤੋਂ ਜ਼ਿਆਦਾ,  7 ਰਾਜਾਂ ਵਿਚ 50 ਹਜ਼ਾਰ ਤੋਂ ਇਕ ਲੱਖ ਅਤੇ 17 ਰਾਜਾਂ ਵਿਚ 50 ਹਜ਼ਾਰ ਤੋਂ ਘੱਟ ਸਰਗਰਮ ਕੇਸ ਹਨ। 24 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ 15 ਫ਼ੀ ਸਦੀ ਤੋਂ ਜ਼ਿਆਦਾ ਪਾਜ਼ੇਟਿਵਿਟੀ ਰੇਟ ਹੈ। 10 ਰਾਜਾਂ ਵਿਚ ਇਹ 5 ਤੋਂ 15 ਫ਼ੀ ਸਦੀ ਅਤੇ ਤਿੰਨ ਵਿਚ 5 ਫ਼ੀ ਸਦੀ ਤੋਂ ਘੱਟ ਹੈ । 

ਉਨ੍ਹਾਂ ਦਸਿਆ ਕਿ ਮਹਾਰਾਸ਼ਟਰ,  ਕਰਨਾਟਕ, ਆਂਧਰ  ਪ੍ਰਦੇਸ਼,  ਦਿੱਲੀ ਅਤੇ ਹਰਿਆਣਾ ਵਿਚ ਜ਼ਿਆਦਾ ਮੌਤਾਂ ਦੀ ਸੂਚਨਾ ਮਿਲ ਰਹੀ ਹੈ।  ਬੇਂਗਲੁਰੂ ਵਿਚ ਪਿਛਲੇ ਇਕ ਹਫ਼ਤੇ ਵਿਚ ਲਗਭਗ 1.49 ਲੱਖ ਮਾਮਲੇ ਸਾਹਮਣੇ ਆਏ ਹਨ। ਚੇਨਈ ਵਿਚ ਇਹ ਗਿਣਤੀ 38 ਹਜ਼ਾਰ ਰਹੀ ਹੈ। ਕੁੱਝ ਜ਼ਿਲ੍ਹਿਆਂ ਵਿਚ ਨਵੇਂ ਕੇਸ ਤੇਜ਼ੀ ਨਾਲ ਵੱਧ ਰਹੇ ਹਨ।  ਉਨ੍ਹਾਂ ਕਿਹਾ ਕਿ ਅਜੇ ਤਕ ਇਹੀ ਕਿਹਾ ਜਾ ਰਿਹਾ ਹੈ ਕਿ ਦੂਜੀ ਲਹਿਰ ਪਹਿਲੀ ਨਾਲੋਂ ਜ਼ਿਆਦਾ ਖ਼ਤਰਨਾਕ ਹੈ ਪਰ ਅਜੇ ਇਹ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਤੀਜੀ ਲਹਿਰ ਕਿੰਨੀ ਖ਼ਤਰਨਾਕ ਹੋਵੇਗੀ ਇਸ ਲਈ ਇਸ ਦੀ ਤਿਆਰੀ ਸਰਕਾਰਾਂ ਅਤੇ ਲੋਕਾਂ ਨੂੰ ਪਹਿਲਾਂ ਕਰਨੀ ਪਵੇਗੀ।

ਜ਼ਿਕਰਯੋਗ ਹੈ ਕਿ ਦੇਸ਼ ਵਿਚ ਪਹਿਲੀ ਲਹਿਰ ਪਿਛਲੇ ਸਾਲ ਆਈ ਸੀ। ਸਾਢੇ ਤਿੰਨ ਮਹੀਨੇ ਤਕ ਮਾਮਲੇ ਵਧਦੇ ਰਹੇ ਸਨ ਤੇ ਬਾਅਦ ਵਿਚ ਇਹ 16 ਸਤੰਬਰ ਨੂੰ ਸਿਖਰ ’ਤੇ ਆਈ ਸੀ।  ਉਸ ਦਿਨ ਇਕ ਦਿਨ ਵਿਚ 97 ਹਜ਼ਾਰ 860 ਨਵੇਂ ਮਾਮਲੇ ਸਾਹਮਣੇ ਆਏ ਸਨ। ਬਾਅਦ ਵਿਚ ਮਾਮਲੇ ਘੱਟ ਹੋਣ ਲੱਗੇ ਸਨ।  ਕਰੀਬ ਦੋ ਮਹੀਨੇ ਬਾਅਦ 19 ਨਵੰਬਰ ਨੂੰ ਮਾਮਲੇ ਅੱਧੇ ਘੱਟ ਕੇ 46 ਹਜ਼ਾਰ ਰਹਿ ਗਏ ਸਨ। 

ਇਸ ਤੋਂ ਬਾਅਦ ਦੂਜੀ ਲਹਿਰ ਬੀਤੇ ਮਾਰਚ ’ਚ ਸ਼ੁਰੂ ਹੋਈ ਸੀ। 1 ਮਾਰਚ ਨੂੰ ਇਕ ਦਿਨ ਵਿਚ 12270 ਮਾਮਲੇ ਆਏ ਸਨ। ਇਸ ਤੋਂ ਬਾਅਦ ਹਰ ਦਿਨ ਮਾਮਲੇ ਵਧਦੇ ਰਹੇ। 1 ਅਪ੍ਰੈਲ ਨੂੰ ਇਕ ਦਿਨ ਵਿਚ 75 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਸਨ। ਇਕ ਮਹੀਨੇ ਬਾਅਦ 30 ਅਪ੍ਰੈਲ ਨੂੰ ਇਕ ਦਿਨ ਵਿਚ 4. 02 ਲੱਖ ਮਾਮਲੇ ਸਾਹਮਣੇ ਆਏ।  ਵੱਖ-ਵੱਖ ਮਾਹਰਾਂ ਦਾ ਮੰਨਣਾ ਹੈ ਕਿ ਇਸ ਲਹਿਰ ਦਾ ਸਿਖਰ ਅਜੇ ਕੁੱਝ ਦਿਨਾਂ ਬਾਅਦ ਆਵੇਗਾ। 

ਤੀਜੀ ਲਹਿਰ ਦੇ ਆਉਣ ਨਾਲ ਕੀ ਹੋ ਸਕਦਾ ਹੈ? ਇਸ ਦੇ ਜਵਾਬ ਵਿਚ, ਗਣਿਤ ਦੇ ਮਾਡਲ ਮਾਹਰ ਪ੍ਰੋਫੈਸਰ ਐਮ. ਵਿਦਿਆਸਾਗਰ ਦਾ ਕਹਿਣਾ ਹੈ, "ਦੂਜੀ ਲਹਿਰ ਵਿਚ ਹੀ, ਇਕ ਵੱਡੀ ਆਬਾਦੀ ਸੰਕਰਮਿਤ ਹੋ ਰਹੀ ਹੈ। ਇਨ੍ਹਾਂ ਵਿਚ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਦੀ ਜਾਂਚ ਨਹੀਂ ਕੀਤੀ ਜਾ ਰਹੀ ਪਰ ਉਹ ਸੰਕਰਮਿਤ ਹੋ ਰਹੇ ਹਨ। ਅਜਿਹੀ ਸਥਿਤੀ ਵਿੱਚ, ਜਿਹੜੇ ਲੋਕ  ਸੰਕਰਮਿਤ ਹੋ ਰਹੇ ਹਨ ਹਨ ਉਹਨਾਂ ਵਿਚ ਘੱਟੋ ਘੱਟ 6 ਮਹੀਨਿਆਂ ਤੱਕ ਵਾਇਰਸ ਦੇ ਖਿਲਾਫ ਇਮਿਊਨਟੀ ਰਹੇਗੀ।

ਪਰ ਇਸਦੇ ਬਾਅਦ,ਇਮਿਊਨਟੀ ਕਮਜ਼ੋਰ ਹੋ ਸਕਦੀ ਹੈ। ਇਸ ਲਈ, ਸਾਨੂੰ ਟੀਕਾਕਰਨ ਪ੍ਰੋਗਰਾਮ ਨੂੰ ਤੇਜ਼ ਕਰਨਾ ਪਏਗਾ। ਉੱਚ ਜੋਖਮ ਦੀ ਆਬਾਦੀ ਨੂੰ 6 ਮਹੀਨਿਆਂ ਦੇ ਅੰਦਰ ਟੀਕਾਕਰਣ ਕਰਨਾ ਪਏਗਾ, ਤਾਂ ਜੋ ਤੀਜੀ ਲਹਿਰ ਦੂਜੀ ਲਹਿਰ ਵਾਂਗ ਡਰਾਉਣੀ ਨਾ ਹੋਵੇ। ਡਾ: ਬਾਬੂ ਕਹਿੰਦੇ ਹਨ, "ਬਹੁਤ ਸਾਰੇ ਰਾਜਾਂ ਨੇ ਦੂਜੀ ਲਹਿਰ ਬਾਰੇ ਵਿਗਿਆਨੀਆਂ ਦੀ ਸਲਾਹ ਨੂੰ ਨਜ਼ਰ ਅੰਦਾਜ਼ ਕੀਤਾ ਹੈ। ਹੁਣ ਸਾਨੂੰ ਇੱਕ ਯੋਜਨਾ ਬਣਾਉਣੀ ਪਏਗੀ, ਤਾਂ ਜੋ ਅਸੀਂ ਕਈ  ਲਹਿਰਾਂ ਦਾ ਸਾਹਮਣਾ ਕਰ ਸਕੀਏ।। ਨਾਲ ਹੀ, ਟੀਕਾਕਰਣ ਦੀ ਯੋਜਨਾ ਵੀ ਤਿਆਰ  ਕਰਨੀ ਹੋਵੇਗੀ।

ਉਹਨਾਂ ਨੇ ਕਿਹਾ, "ਜਿਵੇਂ ਹੀ ਅਸੀਂ ਦੂਜੀ ਲਹਿਰ ਤੋਂ ਬਾਹਰ ਨਿਕਲਦੇ ਹਾਂ, ਸਾਨੂੰ ਸਥਾਈ ਹੱਲ ਲਾਗੂ ਕਰਨੇ ਪੈਣਗੇ। ਸਾਨੂੰ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਨੂੰ ਘਟਾਉਣ ਲਈ ਹਮਲਾਵਰ ਰਣਨੀਤੀ ਬਣਾਉਣ ਦੀ ਲੋੜ ਹੈ। ਸਾਨੂੰ ਟੈਸਟਿੰਗ ਸਹੂਲਤਾਂ ਵਧਾਉਣੀਆਂ ਪੈਣਗੀਆਂ। ਇਕ ਮਜ਼ਬੂਤ ਬੁਨਿਆਦੀ ਢਾਂਚੇ ਨੂੰ ਤਿਆਰ ਕਰਨਾ ਹੋਵੇਗਾ।

ਸਰਕਾਰੀ ਅੰਕੜਿਆਂ ਅਨੁਸਾਰ ਦੇਸ਼ ਵਿਚ ਹੁਣ ਤਕ 16.4 ਮਿਲੀਅਨ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸਦੇ ਨਾਲ ਹੀ, ਪਿਛਲੇ 24 ਘੰਟਿਆਂ ਵਿੱਚ 18 ਤੋਂ 44 ਸਾਲ ਦੇ ਸਿਰਫ 2.30 ਲੱਖ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਹੁਣ ਤੱਕ, ਭਾਰਤ ਵਿਚ ਸਿਰਫ 11% ਆਬਾਦੀ ਜਿਸਨੂੰ ਟੀਕੇ ਦੀ ਘੱਟੋ ਘੱਟ ਇਕ ਖੁਰਾਕ ਲੱਗ ਚੁੱਕੀ ਹੈ। ਇਹ ਅੰਕੜੇ ਬਹੁਤ ਘੱਟ ਹਨ ਕਿਉਂਕਿ ਸਾਨੂੰ ਹਰ ਰੋਜ਼ 40 ਤੋਂ 50 ਲੱਖ ਲੋਕਾਂ ਨੂੰ ਟੀਕਾ ਲਗਵਾਉਣਾ ਪਵੇਗਾ ਪਰ ਇਹ ਟੀਕੇ ਦੀ ਘਾਟ ਕਾਰਨ  ਅਜਿਹਾ ਨਹੀਂ ਹੋ ਰਿਹਾ।